Big medical scam: ਸਰਕਾਰੀ ਡਾਕਟਰ ਮੁਅੱਤਲ! ਤੰਦਰੁਸਤ ਮਰੀਜ਼ਾਂ ਦੇ ਕੀਤੇ ਬੇਲੋੜੇ ਅਪਰੇਸ਼ਨ
ਅਨੰਤਨਾਗ/ਸ੍ਰੀਨਗਰ, 21 ਜੂਨ 2026 – Big medical scam! ਜੰਮੂ-ਕਸ਼ਮੀਰ ਦੇ ਅਨੰਤਨਾਗ ਸਥਿਤ ਸਰਕਾਰੀ ਮੈਡੀਕਲ ਕਾਲਜ (GMC) ਵਿੱਚ ਵੱਡੇ ਪੱਧਰ ‘ਤੇ ਹੋਈਆਂ ਬੇਨਿਯਮੀਆਂ ਅਤੇ ਮਰੀਜ਼ਾਂ ਦੇ ਸ਼ੋਸ਼ਣ ਦਾ ਇੱਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜੰਮੂ-ਕਸ਼ਮੀਰ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਨੇ ਕਾਰਵਾਈ ਕਰਦਿਆਂ ਹਸਪਤਾਲ ਦੇ ਕਾਰਡੀਓਲੌਜਿਸਟ (ਦਿਲ ਦੇ ਰੋਗਾਂ ਦੇ ਮਾਹਿਰ) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ (Suspend) ਕਰ ਦਿੱਤਾ ਹੈ।
ਇਹ ਮਾਮਲਾ ਲਗਭਗ 103 ਦਿਲ ਦੇ ਮਰੀਜ਼ਾਂ ਨਾਲ ਜੁੜੇ ਕਥਿਤ ‘ਪੇਸਮੇਕਰ ਲਾਉਣ ਦੇ’ ਘੁਟਾਲੇ ਨਾਲ ਸਬੰਧਤ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ, ਜਿਨ੍ਹਾਂ ਮਰੀਜ਼ਾਂ ਦੇ ਦਿਲ ਦੇ ਗੰਭੀਰ ਸਰਜੀਕਲ ਅਪਰੇਸ਼ਨ (ਪੇਸਮੇਕਰ ਲਗਾਉਣੇ) ਕੀਤੇ ਗਏ ਸਨ, ਉਨ੍ਹਾਂ ਵਿੱਚੋਂ ਤਕਰੀਬਨ ਅੱਧੇ ਮਰੀਜ਼ਾਂ ਨੂੰ ਇਸ ਦੀ ਕੋਈ ਡਾਕਟਰੀ ਲੋੜ ਹੀ ਨਹੀਂ ਸੀ।
ਵਿਭਾਗ ਵੱਲੋਂ ਜਦੋਂ 55 ਮਰੀਜ਼ਾਂ ਦੇ ਮਾਮਲਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਤਾਂ ਪਤਾ ਲੱਗਾ ਕਿ ਉਨ੍ਹਾਂ ਵਿੱਚੋਂ 27 ਮਰੀਜ਼ਾਂ ਦੇ ਦਿਲ ਦੀ ਕਾਰਜਪ੍ਰਣਾਲੀ ਬਿਲਕੁਲ ਠੀਕ ਸੀ। ਅਜਿਹੇ ਤੰਦਰੁਸਤ ਮਰੀਜ਼ਾਂ ‘ਤੇ ਅਪਰੇਸ਼ਨ ਕਰਨ ਦਾ ਕੋਈ ਵੀ ਡਾਕਟਰੀ ਆਧਾਰ ਮੌਜੂਦ ਨਹੀਂ ਸੀ।
ਵਿਭਾਗ ਨੇ ਜੀ.ਐੱਮ.ਸੀ. ਅਨੰਤਨਾਗ ਦੇ ਕਾਰਡੀਓਲੌਜਿਸਟ ਡਾ. ਸਈਦ ਮਕਬੂਲ ਨੂੰ ਇਸ ਘੁਟਾਲੇ ਲਈ ਮੁੱਖ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ ਕਿ, ਫ਼ਰਜ਼ੀ ਬੀਮਾ ਦਾਅਵੇ: ਪੈਸੇ ਕਮਾਉਣ ਦੇ ਲਾਲਚ ਵਿੱਚ ਬੀਮਾ ਕੰਪਨੀਆਂ ਤੋਂ ਮੋਟੀਆਂ ਰਕਮਾਂ ਵਸੂਲਣ ਲਈ ਫ਼ਰਜ਼ੀ ਕਲੇਮ ਕੀਤੇ ਗਏ। ਬੇਲੋੜੇ ਅਪਰੇਸ਼ਨਾਂ ਨੂੰ ਸਹੀ ਸਾਬਤ ਕਰਨ ਲਈ ਸਰਕਾਰੀ ਮੈਡੀਕਲ ਰਿਕਾਰਡਾਂ ਅਤੇ ਦਸਤਾਵੇਜ਼ਾਂ ਨਾਲ ਭਾਰੀ ਛੇੜਛਾੜ ਕੀਤੀ ਗਈ। ਮਰੀਜ਼ਾਂ ਦੀ ਜਾਨ ਨੂੰ ਜ਼ੋਖ਼ਮ ਵਿੱਚ ਪਾ ਕੇ ਉਨ੍ਹਾਂ ਦਾ ਸਰੀਰਕ ਅਤੇ ਆਰਥਿਕ ਸ਼ੋਸ਼ਣ ਕੀਤਾ ਗਿਆ।
ਸਿਹਤ ਵਿਭਾਗ ਦੇ ਖ਼ੁਲਾਸੇ ਤੋਂ ਬਾਅਦ ਜਿੱਥੇ ਸਬੰਧਤ ਡਾਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਉੱਥੇ ਹੀ ਹੁਣ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਰੈਕੇਟ ਵਿੱਚ ਸ਼ਾਮਲ ਹੋਰਨਾਂ ਲੋਕਾਂ ਦਾ ਵੀ ਪਰਦਾਫਾਸ਼ ਕੀਤਾ ਜਾ ਸਕੇ। ਇਸ ਘਟਨਾ ਨੇ ਸਰਕਾਰੀ ਸਿਹਤ ਪ੍ਰਣਾਲੀ ਅਤੇ ਡਾਕਟਰੀ ਪੇਸ਼ੇ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।



