- ਪਲਾਟ ਦੇ ਨਾਮ ’ਤੇ 10.30 ਲੱਖ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਦੋ ਖ਼ਿਲਾਫ਼ ਮੁਕੱਦਮਾ ਦਰਜ
ਮੋਰਿੰਡਾ 21 ਜੂਨ (ਭਟੋਆ): ਮੋਰਿੰਡਾ ਪੁਲਿਸ ਵੱਲੋਂ ਲੇਹ (ਲਦਾਖ) ਦੇ ਇੱਕ ਨਿਵਾਸੀ ਨਾਲ ਪਲਾਟ ਵੇਚਣ ਦੇ ਨਾਮ ’ਤੇ 10 ਲੱਖ 30 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਆਰੋਪ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਮੋਰਿੰਡਾ ਦੇ ਐਸ.ਐਚ.ਓ. ਇੰਸਪੈਕਟਰ ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਇਹ ਕਾਰਵਾਈ ਸੀਨੀਅਰ ਪੁਲਿਸ ਕਪਤਾਨ (SSP) ਰੂਪਨਗਰ ਦੀ ਮਨਜ਼ੂਰੀ ਅਤੇ ਗੁਰਜੀਤ ਸਿੰਘ DSP ਸਬ-ਡਵੀਜ਼ਨ ਮੋਰਿੰਡਾ ਦੀ ਪੜਤਾਲੀਆ ਰਿਪੋਰਟ ਤੋਂ ਬਾਅਦ ਅਮਲ ਵਿੱਚ ਲਿਆਂਦੀ ਹੈ.
ਇੰਸਪੈਕਟਰ ਗਗਨਦੀਪ ਸਿੰਘ ਅਨੁਸਾਰ ਮੁਲਜ਼ਮਾਂ ਦੀ ਪਛਾਣ ਸੋਨਮ ਅੰਗਚੁੱਕ (ਵਾਸੀ ਨਿਮੋ, ਲੀਬਰਾਪਾ, ਲੇਹ, ਲਦਾਖ) ਅਤੇ ਲਖਵੀਰ ਸਿੰਘ (ਡਾਇਰੈਕਟਰ ਪਾਲਮ ਲੈਂਡ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਮੋਰਿੰਡਾ, ਹਾਲ ਵਾਸੀ ਸੰਨੀ ਇਨਕਲੇਵ, ਖਰੜ) ਵਜੋਂ ਹੋਈ ਹੈ.
ਉਨਾ ਦੱਸਿਆ ਕਿ ਸੇਵਾਂਗ ਨਾਰਬੋ (ਪੁੱਤਰ ਸਵ. ਤੈਸਿੰਗ ਤੁਰੂਪ, ਵਾਸੀ ਬਾਸਗੋ, ਲੇਹ, ਲਦਾਖ) ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸਾਲ 2006 ਵਿੱਚ ਸੋਨਮ ਅੰਗਚੁੱਕ ਨੇ ਉਸ ਨਾਲ ਮੋਰਿੰਡਾ ਦੇ ਪਾਲਮ ਇਨਕਲੇਵ ਵਿੱਚ 20 ਮਰਲੇ ਦਾ ਪਲਾਟ ਦਿਵਾਉਣ ਦਾ ਸੌਦਾ ਕੀਤਾ ਸੀ, ਜਿਸ ਬਦਲੇ ਉਸ ਨੇ 10 ਲੱਖ ਰੁਪਏ ਨਗਦ ਲਏ ਸਨ. ਸਾਲ 2008 ਵਿੱਚ 30 ਹਜ਼ਾਰ ਰੁਪਏ ਹੋਰ ਲੈ ਕੇ ਲਖਵੀਰ ਸਿੰਘ ਵੱਲੋਂ ਸ਼ਿਕਾਇਤਕਰਤਾ ਦੇ ਪੁੱਤਰ ਤਸੇਰਿੰਗ ਨਾਮਗਿਆਲ ਦੇ ਨਾਮ ’ਤੇ 4 ਬਿਸਵੇ ਜਗ੍ਹਾ ਦੀ ਰਜਿਸਟਰੀ ਤਾਂ ਕਰਵਾ ਦਿੱਤੀ ਗਈ, ਪਰ ਰਜਿਸਟਰੀ ਵਿੱਚ ਕੋਈ ਪਲਾਟ ਨੰਬਰ ਜਾਂ ਸਾਈਡਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ. ਉਨਾ ਦੱਸਿਆ ਕਿ ਰਜਿਸਟਰੀ ਪੰਜਾਬੀ ਭਾਸ਼ਾ ਵਿੱਚ ਹੋਣ ਕਾਰਨ ਲਦਾਖ ਨਿਵਾਸੀ ਸ਼ਿਕਾਇਤਕਰਤਾ ਨੂੰ ਇਸ ਹੇਰਾਫੇਰੀ ਦਾ ਪਤਾ ਦੇਰੀ ਨਾਲ ਲੱਗਿਆ, ਅਤੇ ਜਦੋਂ ਪੀੜਤ ਨੇ ਬਾਅਦ ਵਿੱਚ ਪੜਤਾਲ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਉਕਤ ਮੁਲਜ਼ਮਾਂ ਵੱਲੋਂ ਜਿਸ ਜਗ੍ਹਾ ਨੂੰ ਪਲਾਟ ਨੰਬਰ 344 ਦੱਸਿਆ ਜਾ ਰਿਹਾ ਸੀ, ਉਹ ਪਲਾਟ ਸਾਲ 2012 ਵਿੱਚ ਪਹਿਲਾਂ ਹੀ ਇੱਕ ਹੋਰ ਮਹਿਲਾ ਮਨਜੀਤ ਕੌਰ ਨੂੰ ਵੇਚਿਆ ਜਾ ਚੁੱਕਾ ਸੀ, ਜਿਸ ਨੇ ਉੱਥੇ ਦੋ ਮੰਜ਼ਿਲਾ ਮਕਾਨ ਵੀ ਉਸਾਰ ਲਿਆ ਹੈ. ਅਤੇ ਜਦੋਂ ਸੇਵਾਂਗ ਨਾਰਬੋ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਤਾਂ ਮੁਲਜ਼ਮਾਂ ਨੇ ਪੈਸੇ ਜਾਂ ਪਲਾਟ ਵਾਪਸ ਕਰਨ ਦੇ ਲਿਖਤੀ ਸਮਝੌਤੇ ਤੋਂ ਬਾਅਦ ਵੀ ਕੋਈ ਹੱਲ ਨਹੀਂ ਕੀਤਾ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ.
ਐਸ.ਐਚ.ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਡੀ.ਐਸ.ਪੀ. ਮੋਰਿੰਡਾ ਵੱਲੋਂ ਕੀਤੀ ਗਈ ਉੱਚ ਪੱਧਰੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਆਪਸ ਵਿੱਚ ਮਿਲੀਭੁਗਤ ਕਰਕੇ ਸ਼ਿਕਾਇਤਕਰਤਾ ਨਾਲ ਧੋਖਾਧੜੀ ਕਰਨ ਦੇ ਇਰਾਦੇ ਨਾਲ ਬਿਨਾਂ ਪਲਾਟ ਨੰਬਰ ਤੋਂ ਰਜਿਸਟਰੀ ਕਰਵਾਈ ਸੀ. ਜਿਸ ਉਪਰੰਤ ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਸੋਨਮ ਅੰਗਚੁੱਕ ਅਤੇ ਲਖਵੀਰ ਸਿੰਘ ਦੇ ਖ਼ਿਲਾਫ਼ BNS, ਦੀ ਧਾਰਾ 316(2) ਅਤੇ 318(4) ਤਹਿਤ ਮੁਕੱਦਮਾ ਨੰਬਰ 78 ਦਰਜ ਕਰਕੇ ਮਾਮਲੇ ਦੀ ਅਗਲੇਰੀ ਤਫਤੀਸ਼ ਏ.ਐਸ.ਆਈ. (ASI) ਸੁਰਿੰਦਰ ਸਿੰਘ ਨੂੰ ਸੌਂਪੀ ਗਈ ਹੈ. ਪੁਲਿਸ ਅਧਿਕਾਰੀਆਂ ਮੁਤਾਬਕ ਜਾਂਚ ਦੌਰਾਨ ਜੇਕਰ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਵੀ ਸਾਹਮਣੇ ਆਉਂਦੀ ਹੈ, ਤਾਂ ਉਸ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ.



