- 70 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮਾਮਾ-ਭਾਣਜਿਆਂ ਸਮੇਤ 4 ਖ਼ਿਲਾਫ਼ ਹੋਇਆ ਪਰਚਾ
ਮੋਰਿੰਡਾ, 21 ਜੂਨ (ਭਟੋਆ): ਥਾਣਾ ਸਦਰ ਮੋਰਿੰਡਾ ਦੇ ਮੁੱਖ ਅਫ਼ਸਰ ਇੰਸਪੈਕਟਰ ਸ਼ਿਵਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੁਲਿਸ ਨੇ ਜ਼ਮੀਨ ਵੇਚਣ ਦੇ ਨਾਂ ’ਤੇ ਇੱਕ ਵਿਅਕਤੀ ਨਾਲ 70 ਲੱਖ ਰੁਪਏ ਦੀ ਵੱਡੀ ਠੱਗੀ ਮਾਰਨ ਅਤੇ ਵਿਸ਼ਵਾਸ਼ਘਾਤ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਸ਼ਾਮਲ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਇੰਸਪੈਕਟਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਪੁੱਤਰ ਅਜੈਬ ਸਿੰਘ (ਵਾਸੀ ਪਿੰਡ ਅਮਰਾਲੀ, ਮੋਰਿੰਡਾ) ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਰਵਿੰਦਰ ਸਿੰਘ ਅਤੇ ਉਸ ਦੇ ਲੜਕਿਆਂ ਮਨਸ਼ਾਂਤ ਸਿੰਘ ਤੇ ਗੁਰਵਿੰਦਰ ਸਿੰਘ ਨੇ ਪਿੰਡ ਫਤਿਹਗੜ੍ਹ ਵਿਖੇ ਸਥਿਤ ਆਪਣੀ ਕਰੀਬ 36 ਕਨਾਲ ਜ਼ਮੀਨ ਵੇਚਣ ਸੰਬੰਧੀ ਗੱਲਬਾਤ ਕੀਤੀ ਸੀ। ਰਵਿੰਦਰ ਸਿੰਘ ਅਤੇ ਉਸ ਦੇ ਲੜਕਿਆਂ ਨੇ ਅਮਰਜੀਤ ਸਿੰਘ ਨੂੰ ਕਿਹਾ ਕਿ ਇਹ ਜ਼ਮੀਨ ਉਨ੍ਹਾਂ ਨੇ ਆਪਣੇ ਸਕੇ ਮਾਮੇ ਭਰਪੂਰ ਸਿੰਘ ਨੂੰ ਵੇਚੀ ਹੋਈ ਹੈ ਅਤੇ ਉਹ ਹੀ ਅੱਗੇ ਸੌਦਾ ਕਰ ਸਕਦਾ ਹੈ।
ਇਸ ਤੋਂ ਬਾਅਦ 17 ਅਗਸਤ 2024 ਨੂੰ ਭਰਪੂਰ ਸਿੰਘ ਨੇ ਅਮਰਜੀਤ ਸਿੰਘ ਨਾਲ ਇਕਰਾਰਨਾਮਾ ਕਰਕੇ ਜ਼ਮੀਨ ਦੇ ਬਿਆਨੇ ਵਜੋਂ 70,000,000 ਰੁਪਏ (70 ਲੱਖ ਰੁਪਏ) ਵਸੂਲ ਕਰ ਲਏ, ਜਿਸ ਵਿੱਚੋਂ 10 ਲੱਖ ਰੁਪਏ ਆਰ.ਟੀ.ਜੀ.ਐੱਸ. (RTGS) ਰਾਹੀਂ ਅਤੇ 60 ਲੱਖ ਰੁਪਏ ਨਕਦ ਦਿੱਤੇ ਗਏ ਸਨ।ਇਸੇ ਸਮੇ ਆਪਸੀ ਸਹਿਮਤੀ ਨਾਲ ਰਜਿਸਟਰੀ ਦੀ ਆਖਰੀ ਮਿਤੀ ਵਧਾ ਕੇ 28 ਫਰਵਰੀ 2025 ਮੁਕਰੱਰ ਕੀਤੀ ਗਈ ਸੀ।
ਇੰਸਪੈਕਟਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਅਨੁਸਾਰ, ਮਿਥੇ ਸਮੇ ਅਨੁਸਾਰ ਉਹ ਬਾਕੀ ਦੀ ਰਕਮ ਲੈ ਕੇ ਰਜਿਸਟਰੀ ਕਰਵਾਉਣ ਲਈ ਤਹਿਸੀਲ ਕੰਪਲੈਕਸ ਮੋਰਿੰਡਾ ਵਿਖੇ ਹਾਜ਼ਰ ਹੋਇਆ ਅਤੇ ਆਪਣੇ ਵਕੀਲ ਰਾਹੀਂ ਕਾਨੂੰਨੀ ਨੋਟਿਸ ਵੀ ਭੇਜਿਆ, ਪਰ ਮੁਲਜ਼ਮਾਂ ਨੇ ਨਾ ਤਾਂ ਜ਼ਮੀਨ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਬਿਆਨੇ ਦੀ ਰਕਮ ਵਾਪਸ ਕੀਤੀ।
ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਸ੍ਰੀ ਗੁਰਜੀਤ ਸਿੰਘ ਉਪ ਕਪਤਾਨ ਪੁਲਿਸ (ਡੀ.ਐੱਸ.ਪੀ.) ਸਬ-ਡਵੀਜ਼ਨ ਮੋਰਿੰਡਾ ਵੱਲੋਂ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਆਪਸੀ ਮਿਲੀਭੁਗਤ ਅਤੇ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਧੋਖਾਧੜੀ ਕਰਨ ਦੇ ਇਰਾਦੇ ਨਾਲ ਇਹ ਜਾਅਲੀ ਖੇਡ ਰਚੀ ਸੀ ਅਤੇ ਬਿਆਨੇ ਦੀ ਰਕਮ ਆਪਣੇ ਨਿੱਜੀ ਹਿੱਤਾਂ ਲਈ ਹੜੱਪ ਲਈ।
ਜਾਂਚ ਰਿਪੋਰਟ ਦੇ ਆਧਾਰ ’ਤੇ ਸੀਨੀਅਰ ਪੁਲਿਸ ਕਪਤਾਨ (SSP) ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਥਾਣਾ ਸਦਰ ਮੋਰਿੰਡਾ ਵਿਖੇ ਭਰਪੂਰ ਸਿੰਘ ਪੁੱਤਰ ਸਰਵਨ ਸਿੰਘ (ਵਾਸੀ ਪੈਂਤਪੁਰ, ਮੁਲਾਂਪੁਰ, ਐੱਸ.ਏ.ਐੱਸ. ਨਗਰ), ਰਵਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ, ਮਨਸ਼ਾਂਤ ਸਿੰਘ ਪੁੱਤਰ ਰਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਪੁੱਤਰ ਰਵਿੰਦਰ ਸਿੰਘ (ਤਿੰਨੋਂ ਵਾਸੀ ਪਿੰਡ ਫਤਿਹਗੜ੍ਹ, ਮੋਰਿੰਡਾ) ਖ਼ਿਲਾਫ਼ BNS, ਦੀ ਧਾਰਾ 316(2) ਅਤੇ 318(4) ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਅਗਲੇਰੀ ਤਫ਼ਤੀਸ਼ ਸਹਾਇਕ ਸਬ-ਇੰਸਪੈਕਟਰ ਸੁਭਾਸ਼ ਚੰਦਰ ਵੱਲੋਂ ਕੀਤੀ ਜਾ ਰਹੀ ਹੈ।



