ਵੱਡੀ ਖ਼ਬਰ: ਸੀਨੀਅਰ IAS ਅਫ਼ਸਰ ਗ੍ਰਿਫ਼ਤਾਰ
ਕਰੋੜਾਂ ਦੇ ਫੰਡਾਂ ਦੀ ਹੇਰਾਫੇਰੀ ਨਾਲ ਜੁੜਿਆ ਮਾਮਲਾ
ਚੰਡੀਗੜ੍ਹ, 23 ਜੂਨ 2026
ਕੇਂਦਰੀ ਜਾਂਚ ਬਿਊਰੋ (CBI) ਨੇ ਇੱਕ ਵੱਡੀ ਕਾਰਵਾਈ ਕਰਦਿਆਂ ਹਰਿਆਣਾ ਕੇਡਰ ਦੇ ਸੀਨੀਅਰ IAS ਅਧਿਕਾਰੀ ਪੰਕਜ ਅਗਰਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਆਈਡੀਐਫਸੀ (IDFC) ਫਸਟ ਬੈਂਕ ਫੰਡ ਦੀ ਦੁਰਵਰਤੋਂ ਦੇ ਚੱਲ ਰਹੇ ਹਾਈ-ਪ੍ਰੋਫਾਈਲ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ, ਇਹ ਗ੍ਰਿਫ਼ਤਾਰੀ ਹਰਿਆਣਾ ਸਕੂਲ ਸਿੱਖਿਆ ਪਰਿਯੋਜਨਾ ਪ੍ਰੀਸ਼ਦ (HSSPP) ਅਤੇ ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ (HSAMB) ਦੇ ਖਾਤਿਆਂ ਵਿੱਚੋਂ ਸਰਕਾਰੀ ਫੰਡਾਂ ਦੀ ਗ਼ੈਰ-ਕਾਨੂੰਨੀ ਹੇਰਾਫੇਰੀ ਦੇ ਸਬੰਧ ਵਿੱਚ ਹੋਈ ਹੈ। ਉਕਤ ਸਰਕਾਰੀ ਵਿਭਾਗਾਂ ਦੇ ਇਹ ਖਾਤੇ ਚੰਡੀਗੜ੍ਹ ਦੇ ਸੈਕਟਰ 32 ਸਥਿਤ IDFC ਫਸਟ ਬੈਂਕ ਦੀ ਸ਼ਾਖਾ ਵਿੱਚ ਚੱਲ ਰਹੇ ਸਨ, ਜਿੱਥੋਂ ਫੰਡਾਂ ਦਾ ਵੱਡਾ ਫੇਰਬਦਲ ਕੀਤਾ ਗਿਆ ਸੀ।
CBI ਨੇ ਲੰਬੀ ਪੁੱਛਗਿੱਛ ਅਤੇ ਪੁਖ਼ਤਾ ਸਬੂਤਾਂ ਦੇ ਅਧਾਰ ‘ਤੇ ਬੀਤੇ ਦਿਨ 22 ਜੂਨ 2026 ਨੂੰ IAS ਅਧਿਕਾਰੀ ਪੰਕਜ ਅਗਰਵਾਲ ਨੂੰ ਹਿਰਾਸਤ ਵਿੱਚ ਲਿਆ ਸੀ। ਜਾਂਚ ਏਜੰਸੀ ਵੱਲੋਂ ਮਾਮਲੇ ਦੀ ਅਗਲੇਰੀ ਪੁੱਛਗਿੱਛ ਅਤੇ ਰਿਮਾਂਡ ਹਾਸਲ ਕਰਨ ਲਈ ਉਕਤ ਅਧਿਕਾਰੀ ਨੂੰ ਅੱਜ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਸ ਮਾਮਲੇ ਵਿੱਚ ਕਈ ਹੋਰ ਉੱਚ ਅਧਿਕਾਰੀਆਂ ਅਤੇ ਬੈਂਕ ਮੁਲਾਜ਼ਮਾਂ ਦੇ ਸ਼ਾਮਲ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਅਤੇ CBI ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।



