ਸੁਖਾਨੰਦ ਕਤਲ ਕਾਂਡ: ਪਤੀ-ਪਤਨੀ ਸਮੇਤ 4 ਕਾਬੂ

Top Trending News ਪੰਜਾਬ

 

ਸੁਖਾਨੰਦ ਕਤਲ ਕਾਂਡ: ਪਤੀ-ਪਤਨੀ ਸਮੇਤ 4 ਕਾਬੂ

ਮੋਗਾ, 23 ਜੂਨ 2026- ਥਾਣਾ ਸਮਾਲਸਰ ਦੇ ਅਧੀਨ ਪੈਂਦੇ ਪਿੰਡ ਸੁਖਾਨੰਦ ਵਿਖੇ ਲੰਘੀ 17 ਜੂਨ ਦੀ ਰਾਤ ਨੂੰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਜਸਕਰਨ ਸਿੰਘ ਉਰਫ਼ ਗੱਗੂ (ਨਿਵਾਸੀ ਪਿੰਡ ਚੀਦਾ) ਦੇ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਮੁੱਖ ਮੁਲਜ਼ਮ ਪਤੀ-ਪਤਨੀ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਮਾਮਲੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਬਾਘਾਪੁਰਾਣਾ ਜਸਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਇਹ ਮਾਮਲਾ ਤੇਜਿੰਦਰ ਸਿੰਘ ਉਰਫ਼ ਜਿੰਦੀ (ਨਿਵਾਸੀ ਪਿੰਡ ਚੀਦਾ) ਦੇ ਬਿਆਨਾਂ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਤੇਜਿੰਦਰ ਸਿੰਘ ਜਿੰਦੀ ਨੇ ਪੁਲਿਸ ਨੂੰ ਦੱਸਿਆ ਕਿ, ਉਸਦੀ ਪਿੰਡ ਸੁਖਾਨੰਦ ਦੇ ਅਮਨਦੀਪ ਸਿੰਘ ਬਰਾੜ ਨਾਲ ਦੋਸਤੀ ਸੀ ਅਤੇ ਉਹ ਅਕਸਰ ਉਸ ਕੋਲੋਂ ਕਾਰ ਮੰਗ ਕੇ ਲੈ ਜਾਂਦਾ ਸੀ। ਉਸਦਾ ਭਰਾ ਜਸਕਰਨ ਸਿੰਘ ਗੱਗੂ ਇਸ ਗੱਲ ਦਾ ਵਿਰੋਧ ਕਰਦਾ ਸੀ ਅਤੇ ਕਹਿੰਦਾ ਸੀ ਕਿ ਅਮਨਦੀਪ ਸਿੰਘ ਸਹੀ ਬੰਦਾ ਨਹੀਂ ਹੈ। 17 ਜੂਨ ਨੂੰ ਜਦੋਂ ਅਮਨਦੀਪ ਨੇ ਮੁੜ ਗੱਡੀ ਮੰਗੀ, ਤਾਂ ਤੇਜਿੰਦਰ ਨੇ ਨਾਂਹ ਕਰ ਦਿੱਤੀ, ਜਿਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋ ਗਈ। ਇਸ ਤੋਂ ਬਾਅਦ ਜਦੋਂ ਤੇਜਿੰਦਰ ਗੱਡੀ ਦੇਣ ਲਈ ਪਿੰਡ ਸੁਖਾਨੰਦ ਜਾ ਰਿਹਾ ਸੀ, ਤਾਂ ਉਸਦਾ ਭਰਾ ਜਸਕਰਨ ਗੱਗੂ ਵੀ ਉਸਦੇ ਨਾਲ ਗੱਡੀ ਵਿੱਚ ਬੈਠ ਗਿਆ।

ਜਦੋਂ ਉਹ ਦੋਵੇਂ ਸੁਖਾਨੰਦ ਵਿਖੇ ਅਮਨਦੀਪ ਸਿੰਘ ਬਰਾੜ ਦੇ ਘਰ ਕੋਲ ਪਹੁੰਚੇ, ਤਾਂ ਅਮਨਦੀਪ ਬਹਿਸਬਾਜ਼ੀ ਅਤੇ ਗਾਲੀ-ਗਲੋਚ ਕਰਨ ਲੱਗ ਪਿਆ। ਇਸੇ ਦੌਰਾਨ ਅਮਨਦੀਪ ਦੀ ਪਤਨੀ ਗੁਰਪ੍ਰੀਤ कौर ਨੇ ਆਪਣੇ ਲੜਕੇ ਮਨਿੰਦਰ ਸਿੰਘ ਕੋਲੋਂ ਪਿਸਤੌਲ ਮੰਗਵਾਈ। ਮਨਿੰਦਰ ਨੇ ਪਿਸਤੌਲ ਆਪਣੇ ਪਿਤਾ ਅਮਨਦੀਪ ਨੂੰ ਫੜਾ ਦਿੱਤੀ। ਅਮਨਦੀਪ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਘਰ ਦੇ ਅੰਦਰੋਂ ਹੀ ਗੋਲੀ ਚਲਾ ਦਿੱਤੀ, ਜੋ ਸਿੱਧੀ ਜਸਕਰਨ ਗੱਗੂ ਨੂੰ ਲੱਗੀ। ਉਹ ਲਹੂ-ਲੁਹਾਨ ਹੋ ਕੇ ਉੱਥੇ ਹੀ ਡਿੱਗ ਪਿਆ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਡੀ.ਐੱਸ.ਪੀ. ਖਹਿਰਾ ਨੇ ਦੱਸਿਆ ਕਿ ਮੁੱਖ ਮੁਲਜ਼ਮ ਅਮਨਦੀਪ ਸਿੰਘ ਖ਼ਿਲਾਫ਼ ਪਹਿਲਾਂ ਹੀ ਐੱਨ.ਡੀ.ਪੀ.ਐੱਸ. (NDPS) ਐਕਟ ਦੇ 4 ਮਾਮਲੇ ਅਤੇ ਉਸਦੀ ਪਤਨੀ ਖ਼ਿਲਾਫ਼ 1 ਮਾਮਲਾ ਦਰਜ ਹੈ। ਥਾਣਾ ਪ੍ਰਭਾਰੀ ਮੰਗਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਮਨਦੀਪ ਸਿੰਘ ਬਰਾੜ (ਮੁੱਖ ਮੁਲਜ਼ਮ), ਗੁਰਪ੍ਰੀਤ (ਪਤਨੀ), ਜਸਪ੍ਰੀਤ ਸਿੰਘ (ਨਿਵਾਸੀ ਜੈਤੋ), ਲਖਵਿੰਦਰ ਸਿੰਘ ਜੱਗਾ (ਨਿਵਾਸੀ ਗੋਨਿਆਣਾ ਕਲਾਂ, ਬਠਿੰਡਾ) ਨੂੰ ਕਾਬੂ ਕੀਤਾ ਜਾ ਚੁੱਕਾ ਹੈ।

ਜਦਕਿ ਅਮਨਦੀਪ ਦੇ ਲੜਕੇ ਮਨਿੰਦਰ ਸਿੰਘ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪੁਲਿਸ ਨੇ ਫੜੇ ਗਏ ਪਤੀ-ਪਤਨੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ, ਜਿਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।