ਅਫ਼ਸਰਸ਼ਾਹੀ ਦਾ ਦਿਮਾਗ ਸਰਕਾਰ ਦੇ ਕੰਟਰੋਲ ‘ਚ? ਹਰਜੋਤ ਬੈਂਸ ਨੇ ਘੇਰੀ ਸੈਂਟਰ
ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ: ‘ਕੇਂਦਰ ਸਰਕਾਰ UPSC ਰਾਹੀਂ ਵਿਦਿਆਰਥੀਆਂ ‘ਤੇ ਥੋਪਣਾ ਚਾਹੁੰਦੀ ਹੈ ਆਪਣੀ ਵਿਚਾਰਧਾਰਾ’
ਕੇਂਦਰ ਸਰਕਾਰ ਅਫ਼ਸਰਸ਼ਾਹੀ ਦੇ ਦਿਮਾਗ ਨੂੰ ਆਪਣੇ ਕੰਟਰੋਲ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ
ਸੀਐਮ ਭਗਵੰਤ ਮਾਨ ਨੇ ਕੇਂਦਰੀ ਸਿੱਖਿਆ ਮੰਤਰੀ ਕੋਲ ਦਰਜ ਕਰਵਾਇਆ ਰੋਸ- ਹਰਜੋਤ
ਸਿਰਫ਼ 3 ਘੰਟਿਆਂ ਵਿੱਚ NEET ਵਰਗੀ ਅਹਿਮ ਪ੍ਰੀਖਿਆ ਕਰਵਾਉਣਾ ਤਰਕਸੰਗਤ ਨਹੀਂ, ਨਵੀਂ ਰਣਨੀਤੀ ਦੀ ਮੰਗ
ਚੰਡੀਗੜ੍ਹ, 24 ਜੂਨ 2026- ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰ ਸਰਕਾਰ ਦੀਆਂ ਸਿੱਖਿਆ ਨੀਤੀਆਂ ਅਤੇ ਪ੍ਰੀਖਿਆ ਪ੍ਰਣਾਲੀ ‘ਤੇ ਤਿੱਖਾ ਹਮਲਾ ਬੋਲਿਆ ਹੈ।
ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਯੂ.ਪੀ.ਐੱਸ.ਸੀ. (UPSC) ਰਾਹੀਂ ਆਪਣੀ ਵਿਚਾਰਧਾਰਾ ਨੂੰ ਦੇਸ਼ ਦੇ ਵਿਦਿਆਰਥੀਆਂ ਉੱਪਰ ਥੋਪਣਾ ਚਾਹੁੰਦੀ ਹੈ। ਸਿੱਖਿਆ ਮੰਤਰੀ ਅਨੁਸਾਰ ਕੇਂਦਰ ਦਾ ਮਕਸਦ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਕਮਾਨ ਸੰਭਾਲਣ ਵਾਲੇ ਅਫ਼ਸਰਾਂ ਦੇ ਦਿਮਾਗ ਨੂੰ ਉਹ ਆਪਣੇ ਮੁਤਾਬਕ ਕੰਟਰੋਲ ਵਿੱਚ ਕਰ ਸਕਣ।
ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਦੀ ਇਸ ਨੀਤੀ ਦਾ ਸਖ਼ਤ ਵਿਰੋਧ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਇਸ ਸਬੰਧੀ ਕੇਂਦਰੀ ਸਿੱਖਿਆ ਮੰਤਰੀ ਕੋਲ ਪੰਜਾਬ ਸਰਕਾਰ ਵੱਲੋਂ ਆਪਣਾ ਰੋਸ ਅਤੇ ਇਤਰਾਜ਼ ਵੀ ਅਧਿਕਾਰਤ ਤੌਰ ‘ਤੇ ਦਰਜ ਕਰਵਾ ਦਿੱਤਾ ਹੈ।
ਨੀਟ (NEET) ਪ੍ਰੀਖਿਆ ਵਿੱਚ ਚੱਲ ਰਹੇ ਵਿਵਾਦਾਂ ਦਰਮਿਆਨ ਸਿੱਖਿਆ ਮੰਤਰੀ ਨੇ ਇਸ ਦੀ ਪ੍ਰਕਿਰਿਆ ‘ਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ NEET ਵਰਗੀ ਰਾਸ਼ਟਰੀ ਪੱਧਰ ਦੀ ਅਹਿਮ ਪ੍ਰੀਖਿਆ, ਜੋ ਵਿਦਿਆਰਥੀਆਂ ਦੇ ਭਵਿੱਖ ਦਾ ਫੈਸਲਾ ਕਰਦੀ ਹੈ, ਸਿਰਫ਼ ਤਿੰਨ ਘੰਟਿਆਂ ਦੇ ਸੀਮਤ ਸਮੇਂ ਵਿੱਚ ਨਹੀਂ ਲਈ ਜਾ ਸਕਦੀ।
ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਗੰਭੀਰ ਮੁੱਦੇ ‘ਤੇ ਦੇਸ਼ ਦੇ ਉੱਘੇ ਸਿੱਖਿਆ ਮਾਹਿਰਾਂ ਨਾਲ ਬੈਠ ਕੇ ਵਿਚਾਰ-ਵਟਾਂਦਰਾ ਕੀਤਾ ਜਾਵੇ ਅਤੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਨਵੀਂ ਅਤੇ ਪਾਰਦਰਸ਼ੀ ਰਣਨੀਤੀ ਉਲੀਕੀ ਜਾਣੀ ਚਾਹੀਦੀ ਹੈ।



