Venezuela: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ! ਸੁਨਾਮੀ ਦੀ ਚੇਤਾਵਨੀ ਤੋਂ ਬਾਅਦ ਪੂਰੇ ਦੇਸ਼ ‘ਚ ਦਹਿਸ਼ਤ

Top Trending News ਕੌਮਾਂਤਰੀ

 

Venezuela: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ! ਸੁਨਾਮੀ ਦੀ ਚੇਤਾਵਨੀ ਤੋਂ ਬਾਅਦ ਪੂਰੇ ਦੇਸ਼ ‘ਚ ਦਹਿਸ਼ਤ

ਕਾਰਾਕਸ/ਵਾਸ਼ਿੰਗਟਨ, 25 ਜੂਨ 2026

ਵੈਨੇਜ਼ੁਏਲਾ ਵਿੱਚ ਅੱਜ ਉਸ ਸਮੇਂ ਭਾਰੀ ਤਬਾਹੀ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੇਸ਼ ਵਿੱਚ 7.1 ਤੀਬਰਤਾ ਦੇ ਬੇਹੱਦ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਾਹਿਰਾਂ ਅਨੁਸਾਰ ਮਹਿਜ਼ 40 ਸਕਿੰਟਾਂ ਦੇ ਅੰਦਰ-ਅੰਦਰ ਜ਼ਮੀਨ ਦੋ ਵਾਰ ਜ਼ੋਰਦਾਰ ਤਰੀਕੇ ਨਾਲ ਹਿੱਲੀ, ਜਿਸ ਕਾਰਨ ਲੋਕ ਘਬਰਾਹਟ ਵਿੱਚ ਆਪਣੇ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਖੁੱਲ੍ਹੇ ਆਸਮਾਨ ਵੱਲ ਭੱਜੇ।

ਯੂਨਾਈਟਿਡ ਸਟੇਟਸ ਜੀਓਲੌਜੀਕਲ ਸਰਵੇ (USGS) ਮੁਤਾਬਕ, ਇਸ ਭੂਚਾਲ ਕਾਰਨ ਦੇਸ਼ ਦੀ ਰਾਜਧਾਨੀ ਕਰਾਕਸ ਸ਼ਹਿਰ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ। ਕਰਾਕਸ ਤੋਂ ਸਾਹਮਣੇ ਆ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਬੇਹੱਦ ਖ਼ੌਫ਼ਨਾਕ ਹਨ, ਜਿਨ੍ਹਾਂ ਵਿੱਚ ਕਈ ਖੇਤਰਾਂ ‘ਚ ਇਮਾਰਤਾਂ ਢਹਿ-ਢੇਰੀ ਹੁੰਦੀਆਂ ਅਤੇ ਕੰਧਾਂ ਡਿੱਗਣ ਕਾਰਨ ਹਵਾ ਵਿੱਚ ਧੂੜ ਦੇ ਗੁਬਾਰ ਉੱਠਦੇ ਸਾਫ਼ ਦੇਖੇ ਜਾ ਸਕਦੇ ਹਨ।

ਭੂਚਾਲ ਵਿਗਿਆਨੀਆਂ ਅਨੁਸਾਰ, ਇਸ ਭਿਆਨਕ ਭੂਚਾਲ ਦਾ ਕੇਂਦਰ ਯੁਮਾਰੇ ਸ਼ਹਿਰ ਤੋਂ ਲਗਭਗ 23 ਕਿਲੋਮੀਟਰ ਉੱਤਰ-ਪੱਛਮ ਵਿੱਚ ਸਥਿਤ ਸੀ। ਦੱਸਣਯੋਗ ਹੈ ਕਿ ਇਹ ਖੇਤਰ ਵੈਨੇਜ਼ੁਏਲਾ ਦੀਆਂ ਕਈ ਪ੍ਰਮੁੱਖ ਤੇਲ ਰਿਫਾਇਨਰੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਉੱਥੇ ਵੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਭੂਚਾਲ ਇੰਨਾ ਜ਼ਬਰਦਸਤ ਸੀ ਕਿ ਸਮੁੰਦਰੀ ਇਲਾਕਿਆਂ ਵਿੱਚ ਸੁਨਾਮੀ ਆਉਣ ਦਾ ਖ਼ਤਰਾ ਬਹੁਤ ਜ਼ਿਆਦਾ ਵਧ ਗਿਆ ਸੀ। ਇਸ ਸਥਿਤੀ ਨੂੰ ਦੇਖਦੇ ਹੋਏ ਭੂਚਾਲ ਵਿਗਿਆਨੀਆਂ ਵੱਲੋਂ ਤੁਰੰਤ ਸੁਨਾਮੀ ਦੀ ਹਾਈ-ਅਲਰਟ ਚੇਤਾਵਨੀ ਵੀ ਜਾਰੀ ਕੀਤੀ ਗਈ ਸੀ, ਹਾਲਾਂਕਿ ਸਥਿਤੀ ਦਾ ਮੁੜ ਮੁਲਾਂਕਣ ਕਰਨ ਤੋਂ ਬਾਅਦ ਇਸ ਚੇਤਾਵਨੀ ਨੂੰ ਵਾਪਸ ਲੈ ਲਿਆ ਗਿਆ, ਜਿਸ ਨਾਲ ਤੱਟਵਰਤੀ ਇਲਾਕਿਆਂ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ।

ਰਾਹਤ ਦੀ ਗੱਲ ਇਹ ਹੈ ਕਿ ਇੰਨੇ ਵੱਡੇ ਹਾਦਸੇ ਦੇ ਬਾਵਜੂਦ ਹੁਣ ਤੱਕ ਕਿਸੇ ਵੀ ਨਾਗਰਿਕ ਦੇ ਮਾਰੇ ਜਾਣ ਜਾਂ ਜਾਨੀ ਨੁਕਸਾਨ ਦੀ ਕੋਈ ਅਧਿਕਾਰਤ ਰਿਪੋਰਟ ਸਾਹਮਣੇ ਨਹੀਂ ਆਈ ਹੈ। ਪਰ ਦੂਜੇ ਪਾਸੇ, ਦੇਸ਼ ਭਰ ਵਿੱਚ ਜਾਇਦਾਦਾਂ ਅਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਸਥਾਨਕ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਹਾਈ ਅਲਰਟ ‘ਤੇ ਹਨ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਮਦਦ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।