Punjab News: ਪੁਲਿਸ ਚੌਕੀ ਇੰਚਾਰਜ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਤਰਨਤਾਰਨ 26 ਜੂਨ, 2026- Punjab News: ਤਰਨਤਾਰਨ ਜ਼ਿਲ੍ਹੇ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਪਿੰਡ ਕੈਰੋਂ ਵਿਖੇ ਸਥਿਤ ਪੁਲਿਸ ਚੌਕੀ ਦੇ ਇੰਚਾਰਜ ਏ.ਐੱਸ.ਆਈ. (ASI) ਨੇ ਆਪਣੇ ਸਰਕਾਰੀ ਕੁਆਰਟਰ ਵਿੱਚ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਖ਼ੌਫਨਾਕ ਘਟਨਾ ਤੋਂ ਬਾਅਦ ਪੂਰੇ ਪੁਲਿਸ ਮਹਿਕਮੇ ਵਿੱਚ ਸਨਸਨੀ ਫੈਲ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਏ.ਐੱਸ.ਆਈ. ਵੀਰਵਾਰ ਰਾਤ ਨੂੰ ਨਾਕਾਬੰਦੀ ਦੀ ਡਿਊਟੀ ਖ਼ਤਮ ਕਰਨ ਤੋਂ ਬਾਅਦ ਆਪਣੇ ਸਰਕਾਰੀ ਕੁਆਰਟਰ ਵਿੱਚ ਪਰਤੇ ਸਨ। ਰਾਤ ਦੇ ਕਰੀਬ 9:30 ਵਜੇ ਤੋਂ ਬਾਅਦ ਅਚਾਨਕ ਕਮਰੇ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਆਈ। ਜਦੋਂ ਨਾਲ ਦੇ ਮੁਲਾਜ਼ਮਾਂ ਨੇ ਕਮਰੇ ਵਿੱਚ ਜਾ ਕੇ ਦੇਖਿਆ, ਤਾਂ ਏ.ਐੱਸ.ਆਈ. ਖ਼ੂਨ ਨਾਲ ਲੱਥਪੱਥ ਹਾਲਤ ਵਿੱਚ ਪਏ ਸਨ ਅਤੇ ਉਨ੍ਹਾਂ ਦੀ ਸਰਕਾਰੀ ਪਿਸਤੌਲ ਵੀ ਕੋਲ ਹੀ ਪਈ ਸੀ।
ਮ੍ਰਿਤਕ ਏ.ਐੱਸ.ਆਈ. ਦੀ ਪਛਾਣ ਅਮਰਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਉਹ ਪਿਛਲੇ ਚਾਰ ਮਹੀਨਿਆਂ ਤੋਂ ਕੈਰੋਂ ਪੁਲਿਸ ਚੌਕੀ ਦੇ ਇੰਚਾਰਜ ਵਜੋਂ ਤਾਇਨਾਤ ਸਨ। ਮੁਢਲੀ ਜਾਣਕਾਰੀ ਮੁਤਾਬਕ, ਚੌਕੀ ਵਿੱਚ ਸਟਾਫ਼ ਦੀ ਭਾਰੀ ਕਮੀ ਸੀ।
ਉਹ ਕੰਮ ਦੇ ਵਧਦੇ ਬੋਝ ਅਤੇ ਲੰਮੇ ਸਮੇਂ ਤੋਂ ਬਦਲੀ (ਤਬਾਦਲਾ) ਨਾ ਹੋਣ ਕਾਰਨ ਮਾਨਸਿਕ ਤਣਾਅ ਵਿੱਚੋਂ ਲੰਘ ਰਹੇ ਸਨ, ਹਾਲਾਂਕਿ ਇਸ ਦੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. (DSP) ਰਵਿਸ਼ੇਰ ਸਿੰਘ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਅਗਲੇਰੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।



