ਵੱਡੀ ਖ਼ਬਰ: ਭਿਆਨਕ ਸੜਕ ਹਾਦਸੇ ‘ਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ, 3 ਗੰਭੀਰ ਜ਼ਖ਼ਮੀ
ਸਹਾਰਨਪੁਰ/ਸੋਨੀਪਤ, 27 ਜੂਨ 2026
ਹਰਿਆਣਾ ਦੇ ਸੋਨੀਪਤ ਤੋਂ ਹਰਿਦੁਆਰ ਜਾ ਰਿਹਾ ਇੱਕ ਪਰਿਵਾਰ ਯੂਪੀ ਦੇ ਸਹਾਰਨਪੁਰ ਵਿੱਚ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਦੇਹਰਾਦੂਨ-ਪੰਚਕੂਲਾ ਹਾਈਵੇਅ ‘ਤੇ ਸਰਸਾਵਾ ਥਾਣਾ ਖੇਤਰ ਨੇੜੇ ਵਾਪਰੇ ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 3 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਇੱਕ ਵੈਗਨ-ਆਰ ਕਾਰ ਨੇ ਫ਼ਾਰਚੂਨਰ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਮੌਕੇ ‘ਤੇ ਹੀ ਚੀਖ-ਪੁਕਾਰ ਮੱਚ ਗਈ।
ਮ੍ਰਿਤਕਾਂ ਵਿੱਚ ਸੋਨੀਪਤ ਦੇ ਰਹਿਣ ਵਾਲੇ 75 ਸਾਲਾ ਚਰਨ ਸਿੰਘ, ਉਨ੍ਹਾਂ ਦੀ 70 ਸਾਲਾ ਪਤਨੀ ਸੁਦੇਸ਼, 36 ਸਾਲਾ ਨੂੰਹ ਪ੍ਰੀਤੀ ਅਤੇ 9 ਸਾਲਾ ਪੋਤਾ ਸ਼ਿਵਾਂਸ਼ ਸ਼ਾਮਲ ਹਨ।
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਰਾਮਪੁਰ ਮਨਿਹਾਰਾਨ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਹਾਦਸੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।



