ਚੰਡੀਗੜ੍ਹ ‘ਚ ਹੁਣ ਬਾਹਰੋਂ ਆਏ ਲੋਕਾਂ ਨੂੰ ਮਿਲੇਗਾ ਰਿਹਾਇਸ਼ੀ ਮਕਾਨ
ਪ੍ਰਸ਼ਾਸਨ ਵੱਲੋਂ ਵੱਡਾ ਫੈਸਲਾ: ਰਿਹਾਇਸ਼ੀ ਮਕਾਨਾਂ ਲਈ ‘ਬੈੱਡ ਐਂਡ ਬ੍ਰੇਕਫ਼ਾਸਟ’ (B&B) ਨੀਤੀ ਨੋਟੀਫਾਈ, ਜਾਣੋ ਸ਼ਰਤਾਂ
ਚੰਡੀਗੜ੍ਹ, 28 ਜੂਨ 2026
ਚੰਡੀਗੜ੍ਹ ਪ੍ਰਸ਼ਾਸਨ ਨੇ ਸਿਟੀ ਬਿਊਟੀਫੁੱਲ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਸੈਲਾਨੀਆਂ ਨੂੰ ਘਰੇਲੂ ਮਾਹੌਲ ਪ੍ਰਦਾਨ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਪ੍ਰਸ਼ਾਸਨ ਨੇ ਅੱਜ ਕੇਂਦਰ ਸ਼ਾਸਤ ਪ੍ਰਦੇਸ਼ (UT) ਦੇ ਰਿਹਾਇਸ਼ੀ ਮਕਾਨਾਂ ਵਿੱਚ ‘ਬੈੱਡ ਐਂਡ ਬ੍ਰੇਕਫ਼ਾਸਟ’ (B&B) ਸੇਵਾ ਸ਼ੁਰੂ ਕਰਨ ਲਈ ਨਵੀਂ ਨੀਤੀ ਨੂੰ ਰਸਮੀ ਤੌਰ ’ਤੇ ਅਧਿਸੂਚਿਤ (Notify) ਕਰ ਦਿੱਤਾ ਹੈ। ਇਸ ਨਵੀਂ ਨੀਤੀ ਦੇ ਲਾਗੂ ਹੋਣ ਨਾਲ, ਨਿਯਮਾਂ ਨੂੰ ਪੂਰਾ ਕਰਨ ਵਾਲੇ ਮਕਾਨ ਮਾਲਕ ਹੁਣ ਆਪਣੇ ਘਰਾਂ ਦੀ ਰਿਹਾਇਸ਼ੀ ਪਛਾਣ ਨੂੰ ਬਦਲੇ ਬਿਨਾਂ (Commercial ਕੀਤੇ ਬਿਨਾਂ) ਸੈਲਾਨੀਆਂ ਨੂੰ ਕਿਰਾਏ ’ਤੇ ਰਹਿਣ ਅਤੇ ਖਾਣ-ਪੀਣ ਦੀ ਸਹੂਲਤ ਦੇ ਸਕਣਗੇ। ਇਹ ਨੋਟੀਫਿਕੇਸ਼ਨ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਮਨਜ਼ੂਰੀ ਤੋਂ ਬਾਅਦ ਜਾਰੀ ਕੀਤਾ ਗਿਆ ਹੈ।
ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਨਵੀਂ ਨੀਤੀ ਦੇ ਤਹਿਤ ਕਈ ਸਖ਼ਤ ਨਿਯਮ ਅਤੇ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ, ਜੋ ਕਿ ਇਸ ਯੋਜਨਾ ਲਈ ਸਿਰਫ਼ ਉਹੀ ਰਿਹਾਇਸ਼ੀ ਮਕਾਨ ਯੋਗ ਮੰਨੇ ਜਾਣਗੇ, ਜਿਨ੍ਹਾਂ ਦਾ ਪਲਾਟ ਘੱਟੋ-ਘੱਟ 500 ਵਰਗ ਗਜ਼ ਜਾਂ ਇਸ ਤੋਂ ਵੱਧ ਦਾ ਹੋਵੇਗਾ। ਬੀ ਐਂਡ ਬੀ ਸੇਵਾ ਸ਼ੁਰੂ ਕਰਨ ਲਈ ਮਕਾਨ ਦੇ ਅਸਲ ਮਾਲਕ ਦਾ ਖੁਦ ਉਸੇ ਘਰ ਵਿੱਚ ਰਹਿਣਾ ਲਾਜ਼ਮੀ ਹੋਵੇਗਾ।
ਕੌਣ ਕਰ ਸਕਦਾ ਹੈ ਅਪਲਾਈ
ਇਸ ਯੋਜਨਾ ਲਈ ਸਿਰਫ਼ ਮਕਾਨ ਦਾ ਅਸਲ ਮਾਲਕ ਹੀ ਅਰਜ਼ੀ ਦੇ ਸਕਦਾ ਹੈ। ਕਿਸੇ ਵੀ ਕਿਰਾਏਦਾਰ ਜਾਂ ਲੀਜ਼ਧਾਰਕ (Leaseholder) ਨੂੰ ਇਸ ਲਈ ਅਪਲਾਈ ਕਰਨ ਦਾ ਕੋਈ ਅਧਿਕਾਰ ਨਹੀਂ ਹੋਵੇਗਾ।
ਮਕਾਨ ਨੂੰ ਸੈਰ-ਸਪਾਟਾ ਵਿਭਾਗ (Tourism Department) ਦੀ ਨੀਤੀ ਅਧੀਨ ਬੀ ਐਂਡ ਬੀ ਇਕਾਈ ਵਜੋਂ ਰਜਿਸਟਰ ਕਰਵਾਉਣਾ ਪਵੇਗਾ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਤੈਅ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਅਤੇ ਐੱਨ.ਓ.ਸੀ. (NOC) ਹਾਸਲ ਕਰਨੀ ਲਾਜ਼ਮੀ ਹੋਵੇਗੀ।
ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਜਿੱਥੇ ਚੰਡੀਗੜ੍ਹ ਆਉਣ ਵਾਲੇ ਸੈਲਾਨੀਆਂ ਨੂੰ ਸਸਤੀ ਅਤੇ ਸੁਰੱਖਿਅਤ ਰਿਹਾਇਸ਼ ਮਿਲੇਗੀ, ਉੱਥੇ ਹੀ ਵੱਡੇ ਮਕਾਨਾਂ ਦੇ ਮਾਲਕਾਂ ਲਈ ਕਮਾਈ ਦਾ ਇੱਕ ਨਵਾਂ ਸਾਧਨ ਵੀ ਪੈਦਾ ਹੋਵੇਗਾ।



