ਪੰਜਾਬ ਦੀ ਸਿਆਸਤ ‘ਚ ਧਮਾਕਾ: ਅਕਾਲੀ ਦਲ VPD ਨੇ ਕਰ’ਤਾ ਵੱਡਾ ਐਲਾਨ! ਅੰਮ੍ਰਿਤਪਾਲ ਸਿੰਘ ਹੋਣਗੇ ਮੁੱਖ ਮੰਤਰੀ ਦੇ ਉਮੀਦਵਾਰ
ਫ਼ਰੀਦਕੋਟ, 28 ਜੂਨ 2026
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਹੁਣੇ ਤੋਂ ਤੇਜ਼ ਹੋ ਗਈਆਂ ਹਨ। ‘ਵਾਰਿਸ ਪੰਜਾਬ ਦੇ’ ਜਥੇਬੰਦੀ ਨੇ ਆਪਣਾ ਭਵਿੱਖੀ ਸਿਆਸੀ ਰੋਡਮੈਪ ਤਿਆਰ ਕਰਨ ਲਈ ਕੱਲ੍ਹ ਫ਼ਰੀਦਕੋਟ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਜਥੇਬੰਦੀ ਦੇ ਨੁਮਾਇੰਦਿਆਂ ਅਤੇ ਸਮਰਥਕਾਂ ਨੇ ਪੁਰਜ਼ੋਰ ਦਾਅਵਾ ਕੀਤਾ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ (MP) ਅੰਮ੍ਰਿਤਪਾਲ ਸਿੰਘ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਦੇ ਮੁੱਖ ਮੰਤਰੀ ਦੇ ਉਮੀਦਵਾਰ ਹੋਣਗੇ।
ਫ਼ਰੀਦਕੋਟ ਤੋਂ ਸੰਸਦ ਮੈਂਬਰ (MP) ਸਰਬਜੀਤ ਸਿੰਘ ਖ਼ਾਲਸਾ ਵੱਲੋਂ ਕਰਵਾਈ ਗਈ ਇਸ ਅਹਿਮ ਬੈਠਕ ਵਿੱਚ ਜਥੇਬੰਦੀ ਦੇ ਸੀਨੀਅਰ ਆਗੂਆਂ, ਅਹੁਦੇਦਾਰਾਂ ਅਤੇ ਵੱਡੀ ਗਿਣਤੀ ਵਿੱਚ ਸਮਰਥਕਾਂ ਨੇ ਹਿੱਸਾ ਲਿਆ। ਮੀਟਿੰਗ ਦਾ ਮੁੱਖ ਮਕਸਦ ਆਉਣ ਵਾਲੀਆਂ ਚੋਣਾਂ ਲਈ ਇੱਕ ਠੋਸ ਅਤੇ ਮਜ਼ਬੂਤ ਚੋਣ ਰਣਨੀਤੀ ਤਿਆਰ ਕਰਨਾ ਸੀ, ਜਿਸ ਵਿੱਚ ਅੰਮ੍ਰਿਤਪਾਲ ਸਿੰਘ ਦੇ ਨਾਮ ‘ਤੇ ਸਰਬਸੰਮਤੀ ਜਤਾਈ ਗਈ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਐਲਾਨ ਕੀਤਾ ਕਿ ਜਥੇਬੰਦੀ ਪੂਰੇ ਪੰਜਾਬ ਵਿੱਚ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੰਜਾਬ ਦੇ ਸਿਆਸੀ ਗੜ੍ਹ ਮੰਨੇ ਜਾਂਦੇ ‘ਮਾਲਵਾ ਖੇਤਰ’ ‘ਤੇ ਵਿਸ਼ੇਸ਼ ਤੌਰ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਆਗੂਆਂ ਨੇ ਦਾਅਵਾ ਕੀਤਾ ਕਿ ਲੋਕਾਂ ਵਿੱਚ ਮੌਜੂਦਾ ਲਹਿਰ ਨੂੰ ਦੇਖਦਿਆਂ ਉਹ ਇਨ੍ਹਾਂ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ।
ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤੇ ਜਾਣ ਦੇ ਇਸ ਐਲਾਨ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਵਿੱਚ ਇੱਕ ਨਵੀਂ ਚਰਚਾ ਛਿੜ ਗਈ ਹੈ ਅਤੇ ਰਵਾਇਤੀ ਪਾਰਟੀਆਂ ਲਈ ਇਹ ਚੋਣਾਂ ਹੋਰ ਵੀ ਚੁਣੌਤੀਪੂਰਨ ਹੋਣ ਦੀ ਉਮੀਦ ਹੈ।



