ਬਿਜਲੀ ਦੇ ਲੰਬੇ ਕੱਟਾਂ ਨੇ ਕੱਢੇ ਵੱਟ: ਵਾਅਦੇ ਮੁਤਾਬਕ 8 ਘੰਟੇ ਬਿਜਲੀ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ; ਫ਼ਸਲਾਂ ਸੁੱਕਣ ਕੰਢੇ!
ਜਗਰਾਉਂ, 29 ਜੂਨ 2026-
ਪੰਜਾਬ ਵਿੱਚ ਅਤਿ ਦੀ ਗਰਮੀ ਅਤੇ ਹੁੰਮਸ ਦੇ ਦਰਮਿਆਨ ਬਿਜਲੀ ਦੇ ਲੰਬੇ ਕੱਟਾਂ ਨੇ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਲੋਕਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ। ਇੱਕ ਪਾਸੇ ਜਿੱਥੇ ਆਮ ਲੋਕ ਗਰਮੀ ਨਾਲ ਬੇਹਾਲ ਹਨ, ਉੱਥੇ ਹੀ ਦੂਜੇ ਪਾਸੇ ਝੋਨਾ ਲਾਉਣ ਲਈ ਪੂਰੀ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਵਿੱਚ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਪੰਜਾਬ ਕਿਸਾਨ ਯੂਨੀਅਨ ਦੇ ਬੂਟਾ ਸਿੰਘ ਚਕਰ ਅਤੇ ਜਮਹੂਰੀ ਕਿਸਾਨ ਸਭਾ ਦੇ ਬਲਰਾਜ ਸਿੰਘ ਕੋਟਉਮਰਾ ਨੇ ਸਾਂਝੇ ਤੌਰ ‘ਤੇ ਦੱਸਿਆ ਕਿ, ਝੋਨੇ ਦੇ ਸੀਜ਼ਨ ਵਿੱਚ ਸਰਕਾਰ ਵੱਲੋਂ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕਿਸਾਨਾਂ ਨੂੰ ਸਿਰਫ਼ 4 ਤੋਂ 5 ਘੰਟੇ ਹੀ ਟੁੱਟਵੀਂ (ਰੁਕ-ਰੁਕ ਕੇ) ਸਪਲਾਈ ਮਿਲ ਰਹੀ ਹੈ।
* ਬਿਜਲੀ ਦੀ ਇਸ ਕਿੱਲਤ ਕਾਰਨ ਖੇਤਾਂ ਵਿੱਚ ਲਾਇਆ ਝੋਨਾ ਅਤੇ ਹੋਰ ਫ਼ਸਲਾਂ ਸੁੱਕਣ ਦੇ ਕੰਢੇ ਪਹੁੰਚ ਚੁੱਕੀਆਂ ਹਨ।
ਕਿਸਾਨ ਆਗੂਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਜਲੀ ਸਪਲਾਈ ਨੂੰ ਲੈ ਕੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਨੂੰ ਸਿਰਫ਼ ਕਾਗਜ਼ੀ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਦਾਅਵੇ ਅਤੇ ਅਸਲ ਜ਼ਮੀਨੀ ਹਕੀਕਤ ਵਿੱਚ ਜ਼ਮੀਨ-ਆਸਮਾਨ ਦਾ ਫਰਕ ਹੈ।
ਕਿਸਾਨਾਂ ਨੇ ਸਰਕਾਰ ਵੱਲੋਂ ਬਿਜਲੀ ਸੰਕਟ ਲਈ ਥਰਮਲ ਪਲਾਂਟ ਕਾਮਿਆਂ ਦੀ ਹੜਤਾਲ ਦਾ ਬਹਾਨਾ ਬਣਾਉਣ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਹੜਤਾਲੀ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨ ਕੇ ਮਸਲਾ ਹੱਲ ਕਰੇ।
ਕਿਸਾਨ ਜਥੇਬੰਦੀਆਂ ਦੀਆਂ ਮੁੱਖ ਮੰਗਾਂ:
1. ਥਰਮਲ ਪਲਾਂਟ ਦੇ ਹੜਤਾਲੀ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ।
2. ਝੋਨੇ ਦੀ ਫ਼ਸਲ ਨੂੰ ਬਚਾਉਣ ਲਈ ਖੇਤੀ ਸੈਕਟਰ ਵਾਸਤੇ 8 ਘੰਟੇ ਦੀ ਨਿਰਵਿਘਨ ਬਿਜਲੀ ਸਪਲਾਈ ਹਰ ਹਾਲ ਵਿੱਚ ਯਕੀਨੀ ਬਣਾਈ ਜਾਵੇ।
3. ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਲੱਗ ਰਹੇ ਅਣਐਲਾਨੇ ਲੰਬੇ ਕੱਟਾਂ ਨੂੰ ਤੁਰੰਤ ਬੰਦ ਕੀਤਾ ਜਾਵੇ।



