ਵੱਡੀ ਖ਼ਬਰ: ਪੰਜਾਬ ਦੇ ਸਾਰੇ ਵਿਧਾਇਕ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹੋਣਗੇ ਪੇਸ਼
ਅੰਮ੍ਰਿਤਸਰ, 29 ਜੂਨ 2026
ਪੰਜਾਬ ਦੀ ਸਿਆਸਤ ਅਤੇ ਧਾਰਮਿਕ ਹਲਕਿਆਂ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਮੁਤਾਬਕ, ਆਮ ਆਦਮੀ ਪਾਰਟੀ (AAP) ਦੇ ਸਾਰੇ ਵਿਧਾਇਕ (MLAs) ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਜਥੇਦਾਰ ਸਾਹਿਬ ਦੇ ਹੁਕਮਾਂ ਅੱਗੇ ਆਪਣਾ ਪੱਖ ਰੱਖਣਗੇ।
ਬੀਤੇ ਕੱਲ੍ਹ ਇਸ ਮਾਮਲੇ ‘ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਸੀ ਕਿ ਸਰਕਾਰ ਜਾਂ ਪਾਰਟੀ ਦਾ ਸਿੱਖਾਂ ਦੀ ਸਰਵਉੱਚ ਸੰਸਥਾ ਨਾਲ ਟਕਰਾਅ ਦਾ ਕੋਈ ਇਰਾਦਾ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪੂਰੀ ਪਾਲਣਾ ਕਰਨਗੇ ਅਤੇ ਨਿਰਧਾਰਿਤ ਸਮੇਂ ਮੁਤਾਬਕ ਪੇਸ਼ ਹੋਣਗੇ। ਮੁੱਖ ਮੰਤਰੀ ਨੇ ਭਾਵੁਕ ਹੁੰਦਿਆਂ ਕਿਹਾ, “ਮੇਰੀ ਔਕਾਤ ਨਹੀਂ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਵਾਂ।”
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੀਤਾ ਗਿਆ ਸੀ ਤਲਬ
ਦੱਸਣਯੋਗ ਹੈ ਕਿ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਅਹਿਮ ਮਾਮਲੇ ਨੂੰ ਲੈ ਕੇ ਸਾਰੇ ਵਿਧਾਇਕਾਂ ਨੂੰ ਤਲਬ (ਸਮਨ) ਕੀਤਾ ਗਿਆ ਸੀ।
ਸਾਰੇ ਵਿਧਾਇਕ ਜਥੇਦਾਰ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਪਾਰਟੀ ਅਤੇ ਸਰਕਾਰ ਦਾ ਪੱਖ ਰੱਖਣਗੇ, ਜਿਸ ਤੋਂ ਬਾਅਦ ਅਗਲੀ ਕਾਰਵਾਈ ਜਾਂ ਸਿੰਘ ਸਾਹਿਬਾਨ ਵੱਲੋਂ ਦਿੱਤਾ ਜਾਣ ਵਾਲਾ ਕੋਈ ਵੀ ਆਦੇਸ਼ ਸਪੱਸ਼ਟ ਹੋ ਸਕੇਗਾ।
ਇਸ ਧਾਰਮਿਕ ਪੇਸ਼ੀ ਨੂੰ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅਤੇ ਅੰਮ੍ਰਿਤਸਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਪੂਰੇ ਪੰਜਾਬ ਦੀਆਂ ਨਜ਼ਰਾਂ ਅੱਜ ਅਕਾਲ ਤਖ਼ਤ ਸਾਹਿਬ ਤੋਂ ਆਉਣ ਵਾਲੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ।



