ਪੰਜਾਬ ‘ਚ ਕੁਦਰਤ ਦਾ ਕਹਿਰ; ਤੇਜ਼ ਤੂਫ਼ਾਨ ਨੇ ਲਈ ਪਿਓ-ਧੀ ਦੀ ਜਾਨ!
ਜਲੰਧਰ, 29 ਜੂਨ 2026-
ਜਲੰਧਰ ਕੈਂਟ ਦੇ ਅਧੀਨ ਆਉਂਦੇ ਜਮਸ਼ੇਰ ਖਾਸ ਖੇਤਰ ਦੇ ਪਿੰਡ ਭੋੜੇਸਪਰਾਏ ਵਿੱਚ ਮੌਸਮ ਦੀ ਮਾਰ ਨੇ ਇੱਕ ਹੱਸਦੇ-ਖੇਡਦੇ ਪਰਿਵਾਰ ਦੀਆਂ ਖ਼ੁਸ਼ੀਆਂ ਉਜਾੜ ਦਿੱਤੀਆਂ। ਤੇਜ਼ ਤੂਫ਼ਾਨ ਦੌਰਾਨ ਸੜਕ ਤੋਂ ਲੰਘ ਰਹੇ ਇੱਕ ਮੋਟਰਸਾਈਕਲ ਸਵਾਰ ਪਿਤਾ ਅਤੇ ਉਸ ਦੀ ਨਾਬਾਲਗ ਧੀ ‘ਤੇ ਅਚਾਨਕ ਇੱਕ ਭਾਰੀ ਰੁੱਖ ਆ ਡਿੱਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਕਸ਼ਮੀਰ ਉਰਫ਼ ਬਿੱਲਾ (ਉਮਰ ਕਰੀਬ 40 ਸਾਲ) ਅਤੇ ਉਸ ਦੀ 12 ਸਾਲਾ ਧੀ ਸੋਨਾਲੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਸਮੇਂ ਇਲਾਕੇ ਵਿੱਚ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਇਸੇ ਦੌਰਾਨ ਸੜਕ ਕਿਨਾਰੇ ਖੜ੍ਹਾ ਇੱਕ ਪੁਰਾਣਾ ਰੁੱਖ ਜੜ੍ਹ ਤੋਂ ਉਖੜ ਗਿਆ ਅਤੇ ਸਿੱਧਾ ਲੰਘ ਰਹੇ ਮੋਟਰਸਾਈਕਲ ‘ਤੇ ਜਾ ਡਿੱਗਿਆ। ਰੁੱਖ ਇੰਨੀ ਤੇਜ਼ੀ ਨਾਲ ਡਿੱਗਿਆ ਕਿ ਪਿਓ-ਧੀ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ।
ਘਟਨਾ ਦੀ ਖ਼ਬਰ ਫੈਲਦਿਆਂ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਆਸ-ਪਾਸ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਸਥਾਨਕ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ।
ਇਸ ਦਰਦਨਾਕ ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਸੜਕਾਂ ਕਿਨਾਰੇ ਖੜ੍ਹੇ ਸੁੱਕੇ ਅਤੇ ਖ਼ਤਰਨਾਕ ਰੁੱਖਾਂ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ, ਪ੍ਰਸ਼ਾਸਨ ਸਮਾਂ ਰਹਿੰਦੇ ਕਮਜ਼ੋਰ ਅਤੇ ਪੁਰਾਣੇ ਰੁੱਖਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਉੱਥੋਂ ਹਟਾਵੇ। ਭਵਿੱਖ ਵਿੱਚ ਅਜਿਹੇ ਜਾਨਲੇਵਾ ਹਾਦਸਿਆਂ ਨੂੰ ਰੋਕਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਜਾਣ।



