ਅੰਬਾਲਾ ‘ਚ ਸਨਸਨੀਖੇਜ਼ ਵਾਰਦਾਤ: ਕਾਰ ਦੀ ਪਿਛਲੀ ਸੀਟ ‘ਤੋਂ ਮਿਲੀ ਲਾਪਤਾ ਮਹਿਲਾ ਦੀ ਗਲ ਵੱਢੀ ਲਾਸ਼; ਕਾਰ ਮਾਲਕ ਵੀ ਗਾਇਬ
ਅੰਬਾਲਾ, 29 ਜੂਨ 2026
ਇੱਥੋਂ ਦੇ ਇੱਕ ਨਿੱਜੀ ਹਸਪਤਾਲ ਨੇੜਿਓਂ ਰਹੱਸਮਈ ਹਾਲਾਤ ਵਿੱਚ ਲਾਪਤਾ ਹੋਈ 35 ਸਾਲਾ ਵਿਆਹੁਤਾ ਮਨਿੰਦਰ ਕੌਰ ਦੀ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਸਵੇਰੇ ਪਿੰਡ ਗੋਬਿੰਦਗੜ੍ਹ ਵਿਖੇ ਇੱਕ ਸਵਿਫ਼ਟ ਕਾਰ ਦੀ ਪਿਛਲੀ ਸੀਟ ਤੋਂ ਮਨਿੰਦਰ ਕੌਰ ਦੀ ਗਲ ਵੱਢੀ ਹੋਈ ਲਾਸ਼ ਬਰਾਮਦ ਹੋਈ।
ਮ੍ਰਿਤਕਾ ਦੀ ਪਛਾਣ ਮਨਿੰਦਰ ਕੌਰ (35) ਵਜੋਂ ਹੋਈ ਹੈ, ਜਿਸ ਦਾ ਗਲਾ ਰੇਤ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ।
ਜਿਸ ਸਵਿਫ਼ਟ ਕਾਰ ਵਿੱਚੋਂ ਲਾਸ਼ ਮਿਲੀ ਹੈ, ਉਸ ਦਾ ਮਾਲਕ ਮਨਿੰਦਰ ਸਿੰਘ (26) ਵੀ ਸ਼ਨਿਚਰਵਾਰ ਰਾਤ 12 ਵਜੇ ਤੋਂ ਲਾਪਤਾ ਦੱਸਿਆ ਜਾ ਰਿਹਾ ਹੈ। ਉਸ ਦਾ ਮੋਬਾਈਲ ਫੋਨ ਲਗਾਤਾਰ ਬੰਦ ਆ ਰਿਹਾ ਹੈ।
ਪੁਲਿਸ ਨੇ ਐਤਵਾਰ ਸਵੇਰੇ ਪਹਿਲਾਂ ਮਨਿੰਦਰ ਕੌਰ ਦੀ ਗੁੰਮਸ਼ੁਦਗੀ ਦਾ ਮਾਮਲਾ ਦਰਜ ਕੀਤਾ ਸੀ, ਪਰ ਸ਼ਾਮ ਨੂੰ ਲਾਸ਼ ਮਿਲਣ ਅਤੇ ਹਾਲਾਤ ਦੇਖਣ ਤੋਂ ਬਾਅਦ ਇਸ ਨੂੰ ਹੱਤਿਆ ਦੇ ਕੇਸ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਪੁਲਿਸ ਹੁਣ ਲਾਪਤਾ ਕਾਰ ਮਾਲਕ ਮਨਿੰਦਰ ਸਿੰਘ ਦੀ ਭਾਲ ਵਿੱਚ ਜੁਟੀ ਹੋਈ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਅਤੇ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾ ਸਕੇ। ਅੰਬਾਲਾ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।



