- ਵਿਧਾਇਕ ਕੁਲਵੰਤ ਸਿੰਘ ਵੱਲੋਂ ਮਾਣਕ ਮਾਜਰਾ, ਬੈਰੋਪੁਰ ਅਤੇ ਭਾਗੋ ਮਾਜਰਾ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦਾ ਐਲਾਨ
- ਹਲਕਾ ਮੋਹਾਲੀ ਵਿੱਚ ਲੋਕ ਮਿਲਣੀ ਪ੍ਰੋਗਰਾਮਾਂ ਦਾ ਦੌਰ ਜਾਰੀ
- ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਹੋਏ ਪੂਰੇ: ਕੁਲਵੰਤ ਸਿੰਘ
ਐੱਸ ਏ ਐੱਸ ਨਗਰ, 3 ਜੁਲਾਈ: (ਦੇਸ਼ ਕਲਿੱਕ ਬਿਊਰੋ): ਹਲਕਾ ਐੱਸ ਏ ਐੱਸ ਨਗਰ (ਮੋਹਾਲੀ) ਦੇ ਵਿਧਾਇਕ ਕੁਲਵੰਤ ਸਿੰਘ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਪਿੰਡ ਮਾਣਕ ਮਾਜਰਾ, ਬੈਰੋਪੁਰ ਅਤੇ ਭਾਗੋ ਮਾਜਰਾ ਦਾ ਦੌਰਾ ਕਰਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਵਿਕਾਸ ਕਾਰਜਾਂ ਲਈ ਕਈ ਗ੍ਰਾਂਟਾਂ ਦਾ ਐਲਾਨ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆਂ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ ਅਤੇ ਸਰਕਾਰ ਵੱਲੋਂ ਸਾਰੇ ਵਾਅਦੇ ਪੂਰੇ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਮਾਣਕ ਮਾਜਰਾ ਵਿੱਚ ਅਨੁਸੂਚਿਤ ਜਾਤੀ ਧਰਮਸ਼ਾਲਾ ਦੇ ਲੈਂਟਰ ਲਈ 5 ਲੱਖ ਰੁਪਏ, ਜਨਰਲ ਧਰਮਸ਼ਾਲਾ ਦੀ ਮੁਰੰਮਤ ਅਤੇ ਪੇਵਰ ਵਾਕ ਲਈ 5 ਲੱਖ ਰੁਪਏ, ਗਲੀਆਂ-ਨਾਲੀਆਂ ਲਈ 2 ਲੱਖ ਰੁਪਏ, ਤਿੰਨ ਓਪਨ ਜਿਮ, ਲੋੜਵੰਦ ਪਰਿਵਾਰਾਂ ਲਈ 2 ਲੱਖ ਰੁਪਏ, ਖੇਡ ਗਰਾਊਂਡ ਦੀ ਉਸਾਰੀ ਲਈ 30 ਲੱਖ ਰੁਪਏ ਅਤੇ ਪੰਚਾਇਤੀ ਜ਼ਮੀਨ ਦੀ ਸਿੰਚਾਈ ਲਈ ਪਾਈਪਲਾਈਨ ਵਿਛਾਉਣ ‘ਤੇ 4 ਲੱਖ ਰੁਪਏ ਖਰਚ ਕੀਤੇ ਗਏ ਹਨ।
ਪਿੰਡ ਬੈਰੋਪੁਰ ਲਈ ਗਲੀਆਂ-ਨਾਲੀਆਂ ਅਤੇ ਸਟਰੀਟ ਲਾਈਟਾਂ ਦੇ ਕੰਮ ਵਾਸਤੇ 7 ਲੱਖ ਰੁਪਏ ਜਾਰੀ ਕੀਤੇ ਜਾਣਗੇ, ਜਦਕਿ ਡਸਟਬਿਨ ਅਤੇ ਕਨਵੈਕਸ ਮਿਰਰ ਲਗਾਉਣ ਲਈ 2 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।
ਪਿੰਡ ਭਾਗੋ ਮਾਜਰਾ ਵਿੱਚ ਲਾਇਬ੍ਰੇਰੀ ਲਈ 23.60 ਲੱਖ ਰੁਪਏ, ਸਟਰੀਟ ਲਾਈਟਾਂ ਲਈ 4 ਲੱਖ ਰੁਪਏ, ਵਾਟਰ ਟੈਂਕਰ ਲਈ 3 ਲੱਖ ਰੁਪਏ, ਕਮਿਊਨਿਟੀ ਸੈਂਟਰ ਲਈ 1 ਲੱਖ ਰੁਪਏ ਅਤੇ 25 ਲੱਖ ਰੁਪਏ ਦੀ ਲਾਗਤ ਨਾਲ ਖੇਡ ਗਰਾਊਂਡ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜ ਲੋੜਵੰਦ ਪਰਿਵਾਰਾਂ ਲਈ ਮਕਾਨ ਵੀ ਬਣਾਏ ਜਾਣਗੇ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ ਭਲਾਈ ਅਤੇ ਵਿਕਾਸ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ 68,000 ਤੋਂ ਵੱਧ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ, 85 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਦਾ ਲਾਭ ਮਿਲ ਰਿਹਾ ਹੈ ਅਤੇ ਮਹਿਲਾਵਾਂ ਲਈ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਦਾ ਲਾਭ ਵੀ ਮਿਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਲਗਾਤਾਰ ਸੁਧਾਰ ਲਈ ਪ੍ਰਭਾਵਸ਼ਾਲੀ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਸਰਪੰਚ ਪਰਮਜੀਤ ਕੌਰ, ਸੀਨੀਅਰ ਡਿਪਟੀ ਮੇਅਰ ਆਰ.ਪੀ. ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਆਪ ਆਗੂ ਕੁਲਦੀਪ ਸਿੰਘ ਸਮਾਣਾ, ਸਾਬਕਾ ਸਰਪੰਚ ਅਵਤਾਰ ਸਿੰਘ ਮੌਲੀ, ਰਵਿੰਦਰ ਸਿੰਘ ਬਿੰਦਰਾ, ਤਰਲੋਚਨ ਸਿੰਘ ਮਟੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।



