- ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਪਾਵਰ ਕਾਰਪੋਰੇਸ਼ਨ ਦੇ ਠੇਕਾ ਮੁਲਾਜ਼ਮਾਂ ਦੇ ਹੱਕ ਵਿੱਚ ਕੀਤੀ ਗੇਟ ਰੈਲੀ
- ਪਾਵਰ ਕਾਰਪੋਰੇਸ਼ਨ ਦੇ ਰਹਿੰਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰੇ ਮੈਨੇਜ਼ਮੈਂਟ :-ਕਮੇਟੀ ਆਗੂ
ਲਹਿਰਾ ਮੁਹੱਬਤ, 3 ਜੁਲਾਈ: (ਦੇਸ਼ ਕਲਿੱਕ ਬਿਊਰੋ): ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਦੇ ਬੈਨਰ ਹੇਠ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਠੇਕਾ ਮੁਲਾਜ਼ਮਾਂ ਨੇ ਪਾਵਰ ਕਾਰਪੋਰੇਸ਼ਨ ਦੇ ਸੰਘਰਸ਼ ਕਰ ਰਹੇ ਠੇਕਾ ਮੁਲਾਜ਼ਮਾਂ ਦੇ ਹੱਕ ਵਿੱਚ ਪਲਾਂਟ ਦੇ ਮੁੱਖ ਗੇਟ ਤੇ ਕੀਤੀ ਗੇਟ ਰੈਲੀ। ਤਾਲਮੇਲ ਕਮੇਟੀ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ,ਜਗਸੀਰ ਸਿੰਘ ਭੰਗੂ,ਬਲਜਿੰਦਰ ਸਿੰਘ ਮਾਨ,ਲਛਮਣ ਸਿੰਘ ਰਾਮਪੁਰਾ,ਹਰਦੀਪ ਸਿੰਘ ਤੱਗੜ ਅਤੇ ਨਾਇਬ ਸਿੰਘ ਲਹਿਰਾ ਨੇ ਕਿਹਾ ਕਿ ਸਬ ਕਮੇਟੀ/ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਨੂੰ ਅਪਣਾਉਂਦਿਆਂ ਹੋਇਆਂ ਵਿਭਾਗ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ।
ਆਗੂਆਂ ਨੇ ਕਿਹਾ ਕਿ ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਲਗਾਤਾਰ ਸੰਘਰਸ਼ ਦੇ ਦਬਾਅ ਸਦਕਾ ਵਿੱਤ ਮੰਤਰੀ/ਸਬ ਕਮੇਟੀ ਚੇਅਰਮੈਨ ਸ੍ਰ.ਹਰਪਾਲ ਸਿੰਘ ਚੀਮਾ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜ਼ਮੈਂਟ ਵੱਲੋਂ 22 ਜੂਨ ਨੂੰ ਚੰਡੀਗੜ੍ਹ ਵਿਖੇ ਤਾਲਮੇਲ ਕਮੇਟੀ ਦੇ ਸੂਬਾਈ ਆਗੂਆਂ ਨਾਲ਼ ਕੀਤੀ ਪੈਨਲ ਮੀਟਿੰਗ ਵਿੱਚ ਵਿਭਾਗ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ 30 ਜੂਨ ਤੱਕ ਵਿਭਾਗ ਵਿੱਚ ਮਰਜ਼ ਕਰਨ ਦੀ ਸਹਿਮਤੀ ਬਣੀ ਸੀ। ਪਰ ਸਬ-ਕਮੇਟੀ/ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜ਼ਮੈਂਟ ਵੱਲੋਂ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਨੂੰ ਅਪਣਾਉਂਦਿਆਂ ਹੋਇਆਂ ਨੋਟੀਫਿਕੇਸ਼ਨ ਜਾਰੀ ਕਰਨ ਦੀ ਤਹਿ ਮਿਤੀ 30 ਜੂਨ ਨੂੰ ਸਿਰਫ਼ ਤੇ ਸਿਰਫ਼ ਸਰਕਾਰੀ ਥਰਮਲ ਪਲਾਂਟਾਂ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਪਾਵਰ ਕਾਰਪੋਰੇਸ਼ਨ ਦੇ ਬਾਕੀ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨਾਲ਼ ਨੰਗਾ ਚਿੱਟਾ ਥੋਖਾ ਕੀਤਾ ਹੈ।
ਜਿਸਦੇ ਵਿਰੋਧ ਵਜੋਂ ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋਂ 01 ਜੁਲਾਈ ਤੋਂ ਆਪਣੇ-ਆਪਣੇ ਵਿਭਾਗਾਂ ਦੇ ਦਫਤਰਾਂ ਅੱਗੇ ਪਰਿਵਾਰਾਂ ਸਮੇਤ ਲਗਾਤਾਰ ਧਰਨੇ ਦੇਣ ਫੈਸਲਾ ਕੀਤਾ ਹੈ। ਰੈਲੀ ਵਿੱਚ ਹਾਜ਼ਿਰ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜ਼ਮੈਂਟ ਤੋਂ ਜ਼ੋਰਦਾਰ ਮੰਗ ਕੀਤੀ ਕਿ ਪਾਵਰ ਕਾਰਪੋਰੇਸ਼ਨ ਦੇ ਬਾਕੀ ਰਹਿੰਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਪ੍ਰਭਾਵ ਜਾਰੀ ਕੀਤਾ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਥਰਮਲ ਪਲਾਂਟਾਂ ਦੇ ਠੇਕਾ ਮੁਲਾਜ਼ਮ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਲਈ ਮਜ਼ਬੂਰ ਹੋਣਗੇ। ਆਗੂਆਂ ਨੇ ਪਾਵਰ ਕਾਰਪੋਰੇਸ਼ਨ ਦੇ ਠੇਕਾ ਮੁਲਾਜ਼ਮਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਇਸ ਸੰਘਰਸ਼ ਵਿੱਚ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ।



