- ਵੱਡਾ ਫ਼ਰਜ਼ੀਵਾੜਾ! ਕਿਸਾਨ ਦੀ 4 ਵੀਘੇ ਜੱਦੀ ਜ਼ਮੀਨ ਦੀ ਜਾਅਲੀ ਪਾਵਰ ਆਫ਼ ਅਟਾਰਨੀ ਬਣਾ ਕੇ ਵੇਚਣ ਦੀ ਕੋਸ਼ਿਸ਼
- ਬੈਂਕ ਦੇ ਫ਼ੋਨ ਨਾਲ ਹੋਇਆ ਕਰੋੜਾਂ ਦੀ ਜ਼ਮੀਨ ਦੇ ਫ਼ਰਜ਼ੀਵਾੜੇ ਦਾ ਪਰਦਾਫ਼ਾਸ਼; ਆਨਲਾਈਨ ਫਰਦ ਦੇਖ ਕਿਸਾਨ ਦੇ ਉੱਡੇ ਹੋਸ਼
- ਪੀੜਤ ਨੇ ਮੁੱਖ ਮੰਤਰੀ ਕੋਲੋਂ ਇਨਸਾਫ਼ ਦੀ ਲਗਾਈ ਗੁਹਾਰ, ਐਸ.ਡੀ.ਐਮ. ਦੇ ਹੁਕਮਾਂ ਮਗਰੋਂ ਤਹਿਸੀਲਦਾਰ ਦੀ ਕਾਰਵਾਈ ‘ਤੇ ਟਿਕੀਆਂ ਨਜ਼ਰਾਂ
ਮੋਰਿੰਡਾ, 3 ਜੁਲਾਈ (ਭਟੋਆ): ਮੋਰਿੰਡਾ ਬਲਾਕ ਦੇ ਪਿੰਡ ਧਨੌਰੀ ਵਿੱਚ ਜ਼ਮੀਨ ਨਾਲ ਸਬੰਧਤ ਇੱਕ ਗੰਭੀਰ ਕਥਿਤ ਫ਼ਰਜ਼ੀਵਾੜੇ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਕਿਸਾਨ ਮਨਵਿੰਦਰ ਸਿੰਘ ਪੁੱਤਰ ਗੁਰਮੁਖ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸ ਦੀ 4 ਵੀਘੇ ਜੱਦੀ-ਪੁਸ਼ਤੀ ਜ਼ਮੀਨ ਦੀ ਜਾਅਲੀ ਪਾਵਰ ਆਫ਼ ਅਟਾਰਨੀ (ਮੁਖਤਿਆਰਨਾਮਾ) ਤਿਆਰ ਕਰਕੇ ਕਿਸੇ ਹੋਰ ਦੇ ਨਾਮ ਤਬਦੀਲ ਕਰਨ ਅਤੇ ਅੱਗੇ ਵੇਚਣ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਵਿੱਚ ਤਹਿਸੀਲ ਦੇ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਹੋਣ ਦਾ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਬੈਂਕ ਦੇ ਫ਼ੋਨ ਨੇ ਖੋਲ੍ਹੀ ਸਾਰੀ ਪੋਲ
ਪੀੜਤ ਕਿਸਾਨ ਮਨਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੋਰਿੰਡਾ ਸਥਿਤ ਕੈਪੀਟਲ ਬੈਂਕ ਤੋਂ ਬੈਂਕ ਲਿਮਿਟ ਸਬੰਧੀ ਫ਼ੋਨ ਆਇਆ। ਬੈਂਕ ਵੱਲੋਂ ਪਿਛਲੇ ਸਾਲਾਂ ਦੀ ਫਰਦ ਅਤੇ ਜਮਾਂਬੰਦੀ ਮੰਗੀ ਗਈ। ਸਰਕਾਰੀ ਛੁੱਟੀਆਂ ਹੋਣ ਕਾਰਨ ਉਸ ਨੇ ਆਪਣੇ ਮੋਬਾਈਲ ਰਾਹੀਂ ਆਨਲਾਈਨ ਫਰਦ ਡਾਊਨਲੋਡ ਕੀਤੀ। ਫਰਦ ਦੇਖਦੇ ਹੀ ਉਸ ਦੇ ਹੋਸ਼ ਉੱਡ ਗਏ, ਕਿਉਂਕਿ ਉਸ ਦੀ 4 ਵੀਘੇ ਜ਼ਮੀਨ ਕਿਸੇ ਹੋਰ ਦੇ ਨਾਮ ਦਰਜ ਦਿਖਾਈ ਦੇ ਰਹੀ ਸੀ ਅਤੇ ਉਸ ਦਾ ਤਬਾਦਲਾ ਇੰਤਕਾਲ ਇੱਕ ਮਹਿਲਾ ਦੇ ਨਾਮ ਚੜ੍ਹਾਉਣ ਲਈ ਪੜਤਾਲ (Verification) ਅਧੀਨ ਦਰਸਾਇਆ ਗਿਆ ਸੀ।
ਕਿਸਾਨ ਦਾ ਦੋਸ਼ – ਨਾ ਜ਼ਮੀਨ ਵੇਚੀ, ਨਾ ਪਾਵਰ ਆਫ਼ ਅਟਾਰਨੀ ਦਿੱਤੀ
ਛੁੱਟੀਆਂ ਮਗਰੋਂ ਮਨਵਿੰਦਰ ਸਿੰਘ ਨੇ ਤਹਿਸੀਲ ਮੋਰਿੰਡਾ ਅਤੇ ਐਸ.ਡੀ.ਐਮ. ਕੋਲ ਪਹੁੰਚ ਕੇ ਸਪੱਸ਼ਟ ਕੀਤਾ ਕਿ ਉਸ ਨੇ ਨਾ ਤਾਂ ਕਦੇ ਇਹ ਜ਼ਮੀਨ ਵੇਚੀ ਹੈ ਅਤੇ ਨਾ ਹੀ ਕਿਸੇ ਦੇ ਹੱਕ ਵਿੱਚ ਕੋਈ ਪਾਵਰ ਆਫ਼ ਅਟਾਰਨੀ ਕੀਤੀ ਹੈ। ਉਸ ਦਾ ਦੋਸ਼ ਹੈ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਇਸ ਨੂੰ ਦਬਾਉਣ ਅਤੇ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਪੀੜਤ ਕਿਸਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਮੰਗ ਕੀਤੀ ਹੈ ਕਿ ਜਾਅਲੀ ਦਸਤਾਵੇਜ਼ ਤਿਆਰ ਕਰਕੇ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਹੋਰ ਕਿਸਾਨ ਅਜਿਹੀ ਧੋਖਾਧੜੀ ਦਾ ਸ਼ਿਕਾਰ ਨਾ ਬਣਨ।
ਅਧਿਕਾਰੀਆਂ ਦਾ ਪੱਖ
ਤਹਿਸੀਲਦਾਰ ਪੁਨੀਤ ਬਾਂਸਲ ਨੇ ਇਸ ਮਾਮਲੇ ਬਾਰੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਅਤੇ ਮਾਮਲੇ ‘ਤੇ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ।
ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਹ “ਕੰਪਿਊਟਰ ਦੀ ਗਲਤੀ” ਹੈ ਅਤੇ ਪੜਤਾਲ ਦੌਰਾਨ ਗਲਤ ਤਬਾਦਲਾ ਇੰਤਕਾਲ ਰੱਦ ਕਰ ਦਿੱਤਾ ਜਾਵੇਗਾ।
ਐਸ.ਡੀ.ਐਮ. ਚੇਤਨ ਬੰਗੜ ਨੇ ਦੱਸਿਆ ਕਿ ਪੀੜਤ ਕਿਸਾਨ ਵੱਲੋਂ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਤਹਿਸੀਲਦਾਰ ਨੂੰ ਤੁਰੰਤ ਲੋੜੀਂਦੀ ਕਾਰਵਾਈ ਕਰਕੇ ਗਲਤੀ ਠੀਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਸਵਾਲ ਅਜੇ ਵੀ ਬਰਕਰਾਰ
ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਮਾਮਲਾ ਸਿਰਫ਼ ਗਲਤ ਇੰਤਕਾਲ ਰੱਦ ਕਰਕੇ ਹੀ ਖ਼ਤਮ ਕਰ ਦਿੱਤਾ ਜਾਵੇਗਾ ਜਾਂ ਫਿਰ ਜਾਅਲੀ ਪਾਵਰ ਆਫ਼ ਅਟਾਰਨੀ ਤਿਆਰ ਕਰਨ ਵਾਲੇ, ਇਸ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਅਤੇ ਜੇਕਰ ਕਿਸੇ ਸਰਕਾਰੀ ਕਰਮਚਾਰੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਵੀ ਪੁਲਿਸ ਵਿੱਚ ਐੱਫ.ਆਈ.ਆਰ. ਦਰਜ ਕਰਵਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।



