DC ਦਫ਼ਤਰ ਕਰਮਚਾਰੀਆਂ ਵੱਲੋਂ ‘ਕਲਮਛੋੜ’ ਹੜਤਾਲ ਦਾ ਐਲਾਨ

Top Trending News

 

DC ਦਫ਼ਤਰ ਕਰਮਚਾਰੀਆਂ ਵੱਲੋਂ ‘ਕਲਮਛੋੜ’ ਹੜਤਾਲ ਦਾ ਐਲਾਨ

ਕਪੂਰਥਲਾ/ਮੋਗਾ, 5 ਜੁਲਾਈ 2026

ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਇੱਕ ਅਹਿਮ ਸੂਬਾ ਪੱਧਰੀ ਮੀਟਿੰਗ ਅੱਜ ਮੋਗਾ ਵਿਖੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਅਤੇ ਸੂਬਾ ਸਕੱਤਰ ਨਰਿੰਦਰ ਸਿੰਘ ਚੀਮਾ ਦੀ ਸਾਂਝੀ ਅਗਵਾਈ ਹੇਠ ਹੋਈ। ਇਸ ਉੱਚ ਪੱਧਰੀ ਮੀਟਿੰਗ ਵਿੱਚ ਪੰਜਾਬ ਭਰ ਦੇ ਸੂਬਾ ਆਗੂਆਂ, ਜ਼ਿਲ੍ਹਾ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ‘ਤੇ ਗੰਭੀਰ ਚਰਚਾ ਕੀਤੀ।

ਮੀਟਿੰਗ ਦੌਰਾਨ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਯੂਨੀਅਨ ਵੱਲੋਂ ਸਰਕਾਰ ਅੱਗੇ ਕਈ ਪ੍ਰਮੁੱਖ ਮੰਗਾਂ ਰੱਖੀਆਂ ਗਈਆਂ ਹਨ। ਇਨ੍ਹਾਂ ਵਿੱਚ ਡੀਸੀ ਦਫ਼ਤਰਾਂ ਵਿੱਚ ਸੀਨੀਅਰ ਸਹਾਇਕਾਂ ਦਾ ਪ੍ਰਮੋਸ਼ਨ ਕੋਟਾ 100 ਫ਼ੀਸਦੀ ਕਰਨਾ, ਖਾਲੀ ਪਈਆਂ ਅਸਾਮੀਆਂ ਨੂੰ ਤਰੱਕੀਆਂ ਰਾਹੀਂ ਭਰਨਾ, ਨਾਇਬ ਤਹਿਸੀਲਦਾਰ ਦੀ ਪ੍ਰਮੋਸ਼ਨ ਲਈ ਕੋਟਾ ਵਧਾ ਕੇ 25 ਫ਼ੀਸਦੀ ਕਰਨਾ ਅਤੇ ਤਹਿਸੀਲਦਾਰ ਦੀ ਤਰੱਕੀ ਲਈ ਤਜਰਬਾ ਘਟਾ ਕੇ 2 ਸਾਲ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਜ਼ਿਲ੍ਹਾ ਮਾਲ ਅਫ਼ਸਰਾਂ ਦੀਆਂ ਅਦਾਲਤਾਂ ਵਿੱਚ ਰੀਡਰ ਤੇ ਕਲਰਕ ਦੀਆਂ ਨਵੀਆਂ ਪੋਸਟਾਂ ਸਿਰਜਣ, ਮੁਲਾਜ਼ਮਾਂ ਨੂੰ 5 ਫ਼ੀਸਦੀ ਪ੍ਰਸ਼ਾਸਕੀ ਭੱਤਾ ਦੇਣ, ਕੰਟਰੈਕਟ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਪੁਰਾਣੀ ਪੈਨਸ਼ਨ ਤੇ ਡੀਏ (DA) ਦੀਆਂ ਕਿਸ਼ਤਾਂ ਜਾਰੀ ਕਰਨ ਵਰਗੀਆਂ ਅਹਿਮ ਮੰਗਾਂ ਵੀ ਸ਼ਾਮਲ ਹਨ। ਆਗੂਆਂ ਨੇ ਜੰਡਿਆਲਾ ਗੁਰੂ ਪੁਲਿਸ ਵੱਲੋਂ ਸੂਬਾ ਪ੍ਰਧਾਨ ਨਾਲ ਕੀਤੇ ਕਥਿਤ ਅਣਮਨੁੱਖੀ ਵਤੀਰੇ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਦੁਹਰਾਈ।

ਯੂਨੀਅਨ ਮੁਤਾਬਕ, ਵਿੱਤ ਕਮਿਸ਼ਨਰ (ਮਾਲ) ਨਾਲ 7 ਮਈ ਅਤੇ ਮਾਲ ਮੰਤਰੀ ਪੰਜਾਬ ਨਾਲ 30 ਮਈ ਨੂੰ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆਂ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ।

ਸਰਕਾਰ ਦੇ ਇਸ ਅੜੀਅਲ ਵਤੀਰੇ ਦੇ ਵਿਰੋਧ ਵਿੱਚ, ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਲੈਂਦਿਆਂ ਯੂਨੀਅਨ ਨੇ ਸਰਕਾਰ ਨੂੰ ਹੜਤਾਲ ਦਾ ਨੋਟਿਸ ਭੇਜ ਦਿੱਤਾ ਹੈ। ਜਥੇਬੰਦੀ ਨੇ ਐਲਾਨ ਕੀਤਾ ਹੈ ਕਿ 9 ਜੁਲਾਈ ਤੋਂ 12 ਜੁਲਾਈ ਤੱਕ ਪੰਜਾਬ ਭਰ ਦੇ ਡੀਸੀ ਦਫ਼ਤਰਾਂ, ਐੱਸਡੀਐੱਮ, ਤਹਿਸੀਲ ਅਤੇ ਸਬ-ਤਹਿਸੀਲ ਦਫ਼ਤਰਾਂ ਵਿੱਚ ਮੁਕੰਮਲ ‘ਕਲਮਛੋੜ ਅਤੇ ਕੰਪਿਊਟਰ ਬੰਦ’ ਹੜਤਾਲ ਕੀਤੀ ਜਾਵੇਗੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਵੀ ਸਰਕਾਰ ਨੇ ਮੰਗਾਂ ਨਾ ਮੰਨੀਆਂ, ਤਾਂ 12 ਜੁਲਾਈ ਨੂੰ ਆਨਲਾਈਨ ਮੀਟਿੰਗ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਸਖ਼ਤ ਫੈਸਲੇ ਲਏ ਜਾਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।