Punjab News: ਖੇਤਾਂ ‘ਚ ਕਰੰਟ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ

Top Trending News ਪੰਜਾਬ

 

Punjab News: ਖੇਤਾਂ ‘ਚ ਕਰੰਟ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ

ਕਾਦੀਆਂ, 5 ਜੁਲਾਈ 2026

ਕਾਦੀਆਂ ਦੇ ਨਜ਼ਦੀਕੀ ਪਿੰਡ ਨੰਗਲ ਝੌਰ ਦੇ ਖੇਤਾਂ ਵਿੱਚ ਝੋਨੇ ਦੀ ਫ਼ਸਲ ’ਤੇ ਸਪਰੇਅ ਕਰਨ ਗਏ ਦੋ ਨੌਜਵਾਨਾਂ ਦੀ ਹਾਈਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਬੇਵਕਤੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਜਗਤਾਰ ਮਸੀਹ (ਉਮਰ 30 ਸਾਲ) ਅਤੇ ਰਾਜਨ (ਉਮਰ 26 ਸਾਲ) ਵਜੋਂ ਹੋਈ ਹੈ, ਜੋ ਕਿ ਪਿੰਡ ਗਿੱਲ ਮੰਝ ਦੇ ਰਹਿਣ ਵਾਲੇ ਸਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗਿੱਲ ਮੰਝ ਦੇ ਚਾਰ ਨੌਜਵਾਨ ਜੋਗਾ ਸਿੰਘ, ਰਿੰਕੂ, ਜਗਤਾਰ ਮਸੀਹ ਅਤੇ ਰਾਜਨ, ਪਿੰਡ ਨੰਗਲ ਝੌਰ ਦੇ ਇੱਕ ਕਿਸਾਨ ਇੰਦਰਜੀਤ ਸਿੰਘ ਦੇ ਖੇਤਾਂ ਵਿੱਚ ਦਿਹਾੜੀ ‘ਤੇ ਝੋਨੇ ਦੀ ਫ਼ਸਲ ’ਤੇ ਕੀਟਨਾਸ਼ਕ ਸਪਰੇਅ ਕਰਨ ਗਏ ਹੋਏ ਸਨ। ਖੇਤਾਂ ਵਿੱਚ ਕੰਮ ਕਰਦਿਆਂ ਜਗਤਾਰ ਮਸੀਹ ਅਤੇ ਰਾਜਨ ਅਚਾਨਕ ਉੱਥੇ ਪਹਿਲਾਂ ਤੋਂ ਹੀ ਟੁੱਟ ਕੇ ਡਿੱਗੇ ਹੋਏ ਇੱਕ ਖੰਭੇ ਕਾਰਨ ਨੀਵੀਆਂ ਹੋਈਆਂ 11 ਕੇ.ਵੀ. ਦੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਏ। ਕਰੰਟ ਇੰਨਾ ਜ਼ਬਰਦਸਤ ਸੀ ਕਿ ਦੋਵੇਂ ਨੌਜਵਾਨ ਗੰਭੀਰ ਰੂਪ ਵਿੱਚ ਝੁਲਸ ਗਏ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਨੇੜਲੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਮੌਜੂਦ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਹਾਦਸੇ ਵਿੱਚ ਬਾਲ-ਬਾਲ ਬਚੇ ਮ੍ਰਿਤਕਾਂ ਦੇ ਸਾਥੀ ਜੋਗਾ ਸਿੰਘ ਅਤੇ ਰਿੰਕੂ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਖੇਤ ਮਾਲਕ ‘ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਉਨ੍ਹਾਂ ਦੱਸਿਆ ਕਿ ਖੇਤ ਦੇ ਮਾਲਕ ਇੰਦਰਜੀਤ ਸਿੰਘ ਨੇ ਉਨ੍ਹਾਂ ਨੂੰ ਖੇਤਾਂ ਵਿੱਚ ਬਿਜਲੀ ਦਾ ਖੰਭਾ ਤੇ ਲਾਈਵ ਤਾਰਾਂ ਡਿੱਗੀਆਂ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਉਨ੍ਹਾਂ ਨੂੰ ਕੰਮ ‘ਤੇ ਲਗਾ ਕੇ ਖੁਦ ਆਪਣੇ ਘਰ ਚਲਾ ਗਿਆ, ਜਿਸ ਕਾਰਨ ਇਹ ਭਾਣਾ ਵਰਤ ਗਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਚੌਕੀ ਹਰਚੋਵਾਲ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ (ASI) ਸਰਵਣ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀ ਮੁਤਾਬਕ, ਹਾਦਸੇ ਦੇ ਚਸ਼ਮਦੀਦਾਂ ਅਤੇ ਮ੍ਰਿਤਕਾਂ ਦੇ ਸਾਥੀਆਂ ਜੋਗਾ ਸਿੰਘ ਤੇ ਰਿੰਕੂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।