Cricket News: ਇੰਗਲੈਂਡ ਨੇ ਭਾਰਤ ਨੂੰ 125 ਦੌੜਾਂ ਨਾਲ ਹਰਾਇਆ!
ਨੌਟਿੰਘਮ, 8 ਜੁਲਾਈ 2026
ਇੰਗਲੈਂਡ ਦੇ ਨੌਟਿੰਘਮ ਦੇ ਮੈਦਾਨ ‘ਤੇ ਖੇਡੇ ਗਏ ਤੀਜੇ ਟੀ-20 ਮੁਕਾਬਲੇ ਵਿੱਚ ਭਾਰਤੀ ਟੀਮ ਨੂੰ ਇੱਕ ਸ਼ਰਮਨਾਕ ਅਤੇ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਮੇਜ਼ਬਾਨ ਇੰਗਲੈਂਡ ਨੇ ਭਾਰਤ ਨੂੰ 125 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। 202 ਦੌੜਾਂ ਦੇ ਚੁਣੌਤੀਪੂਰਨ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਬੱਲੇਬਾਜ਼ੀ ਲਾਈਨਅੱਪ ਇੰਗਲਿਸ਼ ਗੇਂਦਬਾਜ਼ਾਂ ਦੇ ਸਾਹਮਣੇ ਪੂਰੀ ਤਰ੍ਹਾਂ ਨਿਢਾਲ ਨਜ਼ਰ ਆਈ ਅਤੇ ਪੂਰੀ ਟੀਮ ਮਹਿਜ਼ 76 ਦੌੜਾਂ ‘ਤੇ ਹੀ ਆਲ ਆਊਟ ਹੋ ਗਈ।
ਮੈਚ ਦੀ ਸ਼ੁਰੂਆਤ ਭਾਰਤ ਦੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦੇ ਫੈਸਲੇ ਨਾਲ ਹੋਈ, ਜੋ ਕਿ ਉਲਟਾ ਸਾਬਤ ਹੋਇਆ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਫਿਲਿਪ ਸਾਲਟ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 44 ਗੇਂਦਾਂ ਵਿੱਚ 70 ਦੌੜਾਂ (7 ਚੌਕੇ, 3 ਛੱਕੇ) ਦੀ ਤੂਫ਼ਾਨੀ ਪਾਰੀ ਖੇਡੀ। ਕਪਤਾਨ ਜੋਸ ਬਟਲਰ ਨੇ 36 ਦੌੜਾਂ ਅਤੇ ਸੈਮ ਕਰਨ ਨੇ ਅੰਤ ਵਿੱਚ ਨਾਬਾਦ 41 ਦੌੜਾਂ ਬਣਾ ਕੇ ਟੀਮ ਨੂੰ ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ ‘ਤੇ 201 ਦੌੜਾਂ ਦੇ ਵੱਡੇ ਸਕੋਰ ਤੱਕ ਪਹੁੰਚਾਇਆ। ਭਾਰਤ ਲਈ ਪ੍ਰਿੰਸ ਯਾਦਵ ਅਤੇ ਹਰਸ਼ਿਤ ਰਾਣਾ ਨੇ 2-2 ਵਿਕਟਾਂ ਹਾਸਲ ਕੀਤੀਆਂ, ਪਰ ਉਹ ਇੰਗਲੈਂਡ ਦੇ ਬੱਲੇਬਾਜ਼ਾਂ ‘ਤੇ ਦਬਾਅ ਬਣਾਉਣ ਵਿੱਚ ਅਸਫਲ ਰਹੇ।
ਜਵਾਬ ਵਿੱਚ ਭਾਰਤੀ ਬੱਲੇਬਾਜ਼ੀ ਪੂਰੀ ਤਰ੍ਹਾਂ ਫਲਾਪ ਰਹੀ। ਚਰਚਿਤ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਇਸ ਵਾਰ ਵੀ ਕੁਝ ਖਾਸ ਨਾ ਕਰ ਸਕੇ ਅਤੇ 13 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਇਲਾਵਾ ਅਭਿਸ਼ੇਕ ਸ਼ਰਮਾ, ਅਕਸ਼ਰ ਪਟੇਲ ਅਤੇ ਈਸ਼ਾਨ ਕਿਸ਼ਨ ਵਰਗੇ ਖਿਡਾਰੀ ਵੀ ਦੋਹਰੇ ਅੰਕੜੇ ਨੂੰ ਛੂਹਣ ਲਈ ਸੰਘਰਸ਼ ਕਰਦੇ ਦਿਖਾਈ ਦਿੱਤੇ। ਕੋਈ ਵੀ ਭਾਰਤੀ ਬੱਲੇਬਾਜ਼ ਇੰਗਲੈਂਡ ਦੇ ਮਜ਼ਬੂਤ ਗੇਂਦਬਾਜ਼ੀ ਹਮਲੇ ਅੱਗੇ ਟਿਕ ਨਹੀਂ ਸਕਿਆ।
ਇਸ ਹਾਰ ਨੇ ਭਾਰਤੀ ਟੀਮ ਪ੍ਰਬੰਧਨ ਲਈ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਬੱਲੇਬਾਜ਼ਾਂ ਦਾ ਇਹ ਪ੍ਰਦਰਸ਼ਨ ਟੀਮ ਦੀ ਤਿਆਰੀ ‘ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਹੁਣ ਭਾਰਤੀ ਟੀਮ ਨੂੰ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਅਗਲੇ ਮੈਚਾਂ ਵਿੱਚ ਵਾਪਸੀ ਕਰਨੀ ਹੋਵੇਗੀ, ਨਹੀਂ ਤਾਂ ਸੀਰੀਜ਼ ਵਿੱਚ ਉਨ੍ਹਾਂ ਲਈ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।



