Breaking: ਏਅਰਪੋਰਟ ‘ਤੇ ਵੱਡਾ ਹਾਦਸਾ ਟਲਿਆ! ਇੱਕੋ ਰਨਵੇ ‘ਤੇ ਆਮੋ-ਸਾਹਮਣੇ ਆਏ ਦੋ ਜਹਾਜ਼
**ਮੁੰਬਈ, 8 ਜੁਲਾਈ 2026
ਮੁੰਬਈ ਹਵਾਈ ਅੱਡੇ ‘ਤੇ ਲੰਘੀ ਦੇਰ ਰਾਤ ਇੱਕ ਵੱਡਾ ਹਵਾਈ ਹਾਦਸਾ ਉਸ ਸਮੇਂ ਟਲ ਗਿਆ ਜਦੋਂ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੇ ਦੋ ਜਹਾਜ਼ ਇੱਕੋ ਰਨਵੇ ‘ਤੇ ਆਮੋ-ਸਾਹਮਣੇ ਆ ਗਏ। ਘਟਨਾ ਰਾਤ ਕਰੀਬ 10 ਵਜੇ ਵਾਪਰੀ, ਜਦੋਂ ਏਅਰ ਟ੍ਰੈਫਿਕ ਕੰਟਰੋਲ (ATC) ਦੀ ਚੌਕਸੀ ਕਾਰਨ ਇੱਕ ਸੰਭਾਵਿਤ ਟੱਕਰ ਨੂੰ ਰੋਕ ਲਿਆ ਗਿਆ।
ਸੂਤਰਾਂ ਅਨੁਸਾਰ, ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ (AIX1547), ਜੋ ਸਿਲੀਗੁੜੀ ਤੋਂ ਆਈ ਸੀ, ਲੈਂਡਿੰਗ ਤੋਂ ਬਾਅਦ ਅਜੇ ਰਨਵੇਅ ਤੋਂ ਪੂਰੀ ਤਰ੍ਹਾਂ ਹਟੀ ਨਹੀਂ ਸੀ ਕਿ ਮੁੰਬਈ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ (AI816) ਨੇ ਉਸੇ ਰਨਵੇਅ ਤੋਂ ਉਡਾਣ ਭਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ, ATC ਨੇ ਤੁਰੰਤ ਦਖਲ ਦਿੰਦੇ ਹੋਏ ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਣ (ਟੇਕ-ਆਫ) ਦੀ ਪ੍ਰਕਿਰਿਆ ਰੋਕਣ ਦੇ ਨਿਰਦੇਸ਼ ਦਿੱਤੇ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚ ਗਿਆ।
ਜਾਣਕਾਰੀ ਦੇ ਮੁਤਾਬਕ ਏਅਰ ਇੰਡੀਆ (AI816) ਦਾ ਇਹ ਇੱਕ ਵੱਡੇ ਆਕਾਰ ਦਾ ਬੋਇੰਗ 777-300ER ਜਹਾਜ਼ ਸੀ, ਜੋ ਮੁੰਬਈ ਤੋਂ ਦਿੱਲੀ ਜਾ ਰਿਹਾ ਸੀ। ਏਅਰ ਇੰਡੀਆ ਐਕਸਪ੍ਰੈਸ (AIX1547) ਦਾ ਇਹ ਛੋਟੇ ਆਕਾਰ ਦਾ ਬੋਇੰਗ 737 MAX 8 ਜਹਾਜ਼ ਸੀ, ਜੋ ਸਿਲੀਗੁੜੀ ਤੋਂ ਆਇਆ ਸੀ।
ਏਅਰ ਇੰਡੀਆ ਦੇ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ, “ATC ਤੋਂ ਨਿਰਦੇਸ਼ ਮਿਲਣ ਤੋਂ ਬਾਅਦ, ਫਲਾਈਟ AI816 ਦੇ ਚਾਲਕ ਦਲ ਨੇ ਤੁਰੰਤ ਟੇਕ-ਆਫ ਰੋਕ ਦਿੱਤਾ ਅਤੇ ਜਹਾਜ਼ ਨੂੰ ਵਾਪਸ ਬੇ (parking bay) ਵਿੱਚ ਲਿਆਂਦਾ ਗਿਆ।” ਬੁਲਾਰੇ ਨੇ ਅੱਗੇ ਦੱਸਿਆ ਕਿ ਮਿਆਰੀ ਸੰਚਾਲਨ ਪ੍ਰਕਿਰਿਆਵਾਂ (SOP) ਤਹਿਤ ਜਹਾਜ਼ ਦੀ ਜ਼ਰੂਰੀ ਤਕਨੀਕੀ ਜਾਂਚ ਕੀਤੀ ਜਾਵੇਗੀ। ਏਅਰਲਾਈਨ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਕਰ ਰਹੀ ਹੈ।
ਹਾਲਾਂਕਿ, ਦੋਵਾਂ ਜਹਾਜ਼ਾਂ ਵਿੱਚ ਮੌਜੂਦ ਯਾਤਰੀਆਂ ਦੀ ਸਹੀ ਗਿਣਤੀ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ। ਇਸ ਘਟਨਾ ਨੇ ਹਵਾਈ ਅੱਡੇ ‘ਤੇ ਸੁਰੱਖਿਆ ਪ੍ਰਬੰਧਾਂ ‘ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ।



