ਵੱਡੀ ਖ਼ਬਰ: ਨਿੱਝਰ ਕਤਲ ਕੇਸ ‘ਚ ਗੈਂਗਸਟਰ ਗੋਲਡੀ ਬਰਾੜ ‘ਤੇ FBI ਦਾ ਵੱਡਾ ਐਕਸ਼ਨ, 50,000 ਡਾਲਰ ਦੇ ਇਨਾਮ ਦਾ ਐਲਾਨ
ਵਾਸ਼ਿੰਗਟਨ/ਚੰਡੀਗੜ੍ਹ, 08 ਜੁਲਾਈ 2026- ਅਮਰੀਕਾ ਦੀ ਖ਼ੁਫ਼ੀਆ ਏਜੰਸੀ ਐੱਫਬੀਆਈ (FBI) ਨੇ ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ। FBI ਨੇ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ ਅਹਿਮ ਜਾਣਕਾਰੀ ਦੇਣ ਵਾਲੇ ਨੂੰ 50,000 ਅਮਰੀਕੀ ਡਾਲਰ (ਲਗਭਗ 41 ਲੱਖ ਰੁਪਏ) ਤੱਕ ਦਾ ਨਕਦ ਇਨਾਮ ਦੇਣ ਦਾ ਵੱਡਾ ਐਲਾਨ ਕੀਤਾ ਹੈ।
ਇਹ ਕਾਰਵਾਈ ਉਸ ਦੇ ਖ਼ਿਲਾਫ਼, ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਸਾਲ 2023 ਵਿੱਚ ਸਰੀ (ਬ੍ਰਿਟਿਸ਼ ਕੋਲੰਬੀਆ, ਕੈਨੇਡਾ) ਵਿੱਚ ਹੋਏ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ ਆਇਦ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਅਮਲ ਵਿੱਚ ਲਿਆਂਦੀ ਗਈ ਹੈ।
ਇਹ ਵੱਡਾ ਐਲਾਨ ‘ਆਪਰੇਸ਼ਨ ਹਾਰਡ ਬਾਲ’ (Operation Hard Ball) ਦੇ ਤੁਰੰਤ ਬਾਅਦ ਸਾਹਮਣੇ ਆਇਆ ਹੈ। ਇਹ ਅਮਰੀਕੀ, ਕੈਨੇਡੀਅਨ ਅਤੇ ਯੂਰਪੀਅਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਇੱਕ ਸਾਂਝੀ ਅਤੇ ਤਾਲਮੇਲ ਵਾਲੀ ਕਾਰਵਾਈ ਹੈ, ਜਿਸ ਦੇ ਤਹਿਤ ਹੁਣ ਤੱਕ 24 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਤਿੰਨ ਭਾਰਤ-ਅਧਾਰਤ ਸੰਗਠਿਤ ਅਪਰਾਧ ਸਿੰਡੀਕੇਟਾਂ ਨਾਲ ਜੁੜੇ 37 ਮੁਲਜ਼ਮਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤੇ ਗਏ ਹਨ।
ਅਮਰੀਕੀ ਅਦਾਲਤ (ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ, ਲਾਸ ਏਂਜਲਸ) ਵੱਲੋਂ 1 ਜੁਲਾਈ ਨੂੰ ਗੋਲਡੀ ਬਰਾੜ ਖ਼ਿਲਾਫ਼ ਸੰਘੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।
ਐਕਸ (X) ‘ਤੇ ਇੱਕ ਪੋਸਟ ਸਾਂਝੀ ਕਰਦਿਆਂ FBI ਨੇ ਦੱਸਿਆ ਕਿ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਦਾ ਉੱਤਰੀ ਅਮਰੀਕਾ ਦਾ ਮੁਖੀ ਹੈ। ਇਹ ਗਰੁੱਪ ਦੱਖਣੀ ਕੈਲੀਫੋਰਨੀਆ, ਪੂਰੇ ਅਮਰੀਕਾ ਅਤੇ ਕੈਨੇਡਾ ਵਿੱਚ ਕਈ ਤਰ੍ਹਾਂ ਦੇ ਹਿੰਸਕ ਕੰਮਾਂ, ਜਿਵੇਂ ਕਿ ਸਿਆਸੀ ਤੇ ਧਾਰਮਿਕ ਸ਼ਖਸੀਅਤਾਂ ਦੇ ਕਤਲ, ਜਬਰਦਸਤੀ ਵਸੂਲੀ (Extortion), ਅਗਵਾ ਅਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੈ।
ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਵਿੱਚ ਵੀ ਮੁੱਖ ਸਾਜ਼ਿਸ਼ਘੜਤ ਅਤੇ ਦੋਸ਼ੀ ਹੈ। ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਅਤੇ ਪੰਜਾਬ ਪੁਲੀਸ ਨੇ ਉਸ ਨੂੰ ਪਹਿਲਾਂ ਹੀ ਭਾਰਤ ਵਿੱਚ ‘ਮੋਸਟ ਵਾਂਟੇਡ’ ਅੱਤਵਾਦੀ/ਗੈਂਗਸਟਰ ਕਰਾਰ ਦਿੱਤਾ ਹੋਇਆ ਹੈ ਅਤੇ ਉਸ ‘ਤੇ ਵੱਖਰੇ ਤੌਰ ‘ਤੇ ਨਕਦ ਇਨਾਮਾਂ ਦਾ ਐਲਾਨ ਕੀਤਾ ਗਿਆ ਹੈ।
FBI ਮੁਤਾਬਕ, ਬਰਾੜ ਦੇ ਸਬੰਧ ਕੈਲੀਫੋਰਨੀਆ ਦੇ ਸੈਕਰਾਮੈਂਟੋ ਅਤੇ ਫ੍ਰੇਸਨੋ ਤੋਂ ਇਲਾਵਾ ਕੈਨੇਡਾ, ਭਾਰਤ ਅਤੇ ਮੈਕਸੀਕੋ ਨਾਲ ਵੀ ਜੁੜੇ ਹੋਏ ਹਨ। ਹੁਣ ਅਮਰੀਕੀ ਏਜੰਸੀ ਵੱਲੋਂ ਰੈੱਡ ਕਾਰਨਰ ਨੋਟਿਸ ਅਤੇ ਇਨਾਮ ਦੇ ਐਲਾਨ ਤੋਂ ਬਾਅਦ ਉਸ ਦੀ ਗ੍ਰਿਫ਼ਤਾਰੀ ਲਈ ਅੰਤਰਰਾਸ਼ਟਰੀ ਪੱਧਰ ‘ਤੇ ਘੇਰਾਬੰਦੀ ਤੇਜ਼ ਹੋ ਗਈ ਹੈ।



