ਬਰਨਾਲਾ: ਪੰਚਾਇਤੀ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਦੇ ਦੋਸ਼ ‘ਚ ਸਰਪੰਚ ਮੁਅੱਤਲ
ਬਰਨਾਲਾ 08 ਜੁਲਾਈ, 2026-
ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਬਰਨਾਲਾ ਅਧੀਨ ਪੈਂਦੇ ਪਿੰਡ ਖੁੱਡੀ ਕਲਾਂ ਦੇ ਮੌਜੂਦਾ ਸਰਪੰਚ ਸਿਮਰਜੀਤ ਸਿੰਘ ‘ਤੇ ਵਿਭਾਗੀ ਗਾਜ ਡਿੱਗੀ ਹੈ। ਪੰਚਾਇਤੀ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਦੇ ਦੋਸ਼ਾਂ ਤਹਿਤ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (DDPO) ਬਰਨਾਲਾ ਦੇ ਹੁਕਮਾਂ ‘ਤੇ ਸਰਪੰਚ ਨੂੰ ਅਹੁਦੇ ਤੋਂ ਮੁਅੱਤਲ (ਸਸਪੈਂਡ) ਕਰ ਦਿੱਤਾ ਗਿਆ ਹੈ।
ਇਹ ਕਾਰਵਾਈ ਪਿੰਡ ਖੁੱਡੀ ਕਲਾਂ ਦੇ ਨਿਵਾਸੀ ਸਤਨਾਮ ਸਿੰਘ ਪੁੱਤਰ ਸਰਬਜੀਤ ਸਿੰਘ ਵੱਲੋਂ ਦਿੱਤੀ ਗਈ ਇੱਕ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਅਮਲ ਵਿੱਚ ਲਿਆਂਦੀ ਗਈ ਹੈ। ਸੀਨੀਅਰ ਸਹਾਇਕ ਡੀ.ਏ. ਮਨਪ੍ਰੀਤ ਸਿੰਘ ਦਿਓਲ ਨੇ ਦੱਸਿਆ ਕਿ DDPO ਦੇ ਹੁਕਮਾਂ ‘ਤੇ 13 ਜੂਨ 2026 ਨੂੰ ਮਾਲ ਵਿਭਾਗ, ਕਾਨੂੰਨਗੋ ਅਤੇ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਨਿਸ਼ਾਨਦੇਹੀ ਕੀਤੀ ਗਈ ਸੀ। ਇਸ ਜਾਂਚ ਦੌਰਾਨ ਮੌਜੂਦਾ ਸਰਪੰਚ ਸਿਮਰਜੀਤ ਸਿੰਘ 5 ਕਨਾਲ ਜ਼ਮੀਨ ‘ਤੇ ਕਾਬਜ਼ ਪਾਇਆ ਗਿਆ ਸੀ. BDPO ਬਰਨਾਲਾ ਦੀ ਰਿਪੋਰਟ ਤੋਂ ਬਾਅਦ ਇਹ ਐਕਸ਼ਨ ਲਿਆ ਗਿਆ।
ਸ਼ਿਕਾਇਤਕਰਤਾ ਸਤਨਾਮ ਸਿੰਘ ਨੇ ਪ੍ਰਸ਼ਾਸਨਿਕ ਕਾਰਵਾਈ ‘ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਪੰਚ ਲੰਮੇ ਸਮੇਂ ਤੋਂ ਇਸ ਜ਼ਮੀਨ ‘ਤੇ ਨਾਜਾਇਜ਼ ਖੇਤੀ ਕਰ ਰਿਹਾ ਸੀ ਅਤੇ ਪਿੰਡ ਵਾਸੀਆਂ ਨੂੰ ਖੇਤਾਂ ਦਾ ਸਰਕਾਰੀ ਰਸਤਾ ਬੰਦ ਕਰਕੇ ਧੱਕੇਸ਼ਾਹੀ ਕਰਦਾ ਸੀ, ਜਿਸ ਨਾਲ ਲੋਕ ਭਾਰੀ ਪਰੇਸ਼ਾਨ ਸਨ. ਇਸ ਤੋਂ ਇਲਾਵਾ ਕੋਟਲਾ-ਲਸਾੜਾ ਡਰੇਨ ਕੋਲ ਵੀ ਕਰੀਬ ਇੱਕ ਕਿੱਲਾ ਨਾਜਾਇਜ਼ ਜ਼ਮੀਨ ਨਿਕਲੀ ਹੈ।
ਦੂਜੇ ਪਾਸੇ, ਮੁਅੱਤਲ ਹੋਏ ਸਰਪੰਚ ਸਿਮਰਜੀਤ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ. ਉਨ੍ਹਾਂ ਦੇ ਹੱਕ ਵਿੱਚ ਪਿੰਡ ਦੇ 9 ਵਿੱਚੋਂ 8 ਪੰਚਾਇਤ ਮੈਂਬਰ ਇੱਕਜੁੱਟ ਹੋ ਕੇ ਖੜ੍ਹੇ ਹੋ ਗਏ ਹਨ।ਸਰਪੰਚ ਦਾ ਕਹਿਣਾ ਹੈ ਕਿ ਬਲਾਕ ਸੰਮਤੀ ਅਤੇ ਸਰਪੰਚੀ ਚੋਣਾਂ ਵਿੱਚ ਉਨ੍ਹਾਂ ਦੇ ਉਮੀਦਵਾਰ ਜਿੱਤਣ ਕਾਰਨ, ਖੁੰਢਕ ਵਿੱਚ ਆ ਕੇ ਸਿਆਸੀ ਦਬਾਅ ਹੇਠ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਿਸ਼ਾਨਦੇਹੀ ਸਮੇਂ ਪੰਚਾਇਤ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਅਤੇ ਨਾ ਹੀ ਮੌਕੇ ‘ਤੇ ਬੁਲਾਇਆ ਗਿਆ।
ਉਨ੍ਹਾਂ ਸਪੱਸ਼ਟ ਕੀਤਾ ਕਿ 1959 ਵਿੱਚ ਉਨ੍ਹਾਂ ਦੇ ਬਜ਼ੁਰਗਾਂ ਦੀ ਜ਼ਮੀਨ ਦਾ ਵਟਾਂਦਰਾ ਹੋਇਆ ਸੀ। ਸ਼ਿਕਾਇਤਕਰਤਾ ਜਿਸ 25-30 ਸਾਲ ਪੁਰਾਣੇ ਕਬਜ਼ੇ ਦੀ ਗੱਲ ਕਰ ਰਿਹਾ ਹੈ, ਉਸ ਵੇਲੇ ਉਨ੍ਹਾਂ ਦੀ ਉਮਰ ਮਹਿਜ਼ 5 ਸਾਲ ਸੀ। ਉਨ੍ਹਾਂ ਐਲਾਨ ਕੀਤਾ ਕਿ ਉਹ ਇਨਸਾਫ਼ ਲਈ ਹਾਈਕੋਰਟ ਵਿੱਚ ‘ਬਾਏ ਨੇਮ’ ਪਟੀਸ਼ਨ ਦਾਇਰ ਕਰਨਗੇ।
ਵਿਭਾਗੀ ਅਧਿਕਾਰੀ ਅਨੁਸਾਰ, ਕਾਨੂੰਨ ਮੁਤਾਬਕ ਇੱਕ ਹਫ਼ਤੇ ਦੇ ਅੰਦਰ BDPO ਵੱਲੋਂ ਪੰਚਾਂ ਨਾਲ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚੋਂ ਕਿਸੇ ਯੋਗ ਪੰਚ ਨੂੰ ਸਰਪੰਚੀ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਜੇਕਰ ਪੰਚਾਂ ਵਿੱਚ ਕੋਈ ਸਹਿਮਤੀ ਨਹੀਂ ਬਣਦੀ, ਤਾਂ ਪਿੰਡ ਦੇ ਵਿਕਾਸ ਕਾਰਜ ਚਲਾਉਣ ਲਈ ਪ੍ਰਸ਼ਾਸਕ (Administrator) ਨਿਯੁਕਤ ਕੀਤਾ ਜਾਵੇਗਾ।



