ਬਜ਼ੁਰਗਾਂ ਦੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ! ਪੰਜਾਬ ‘ਚ ਹੈਲਪਲਾਈਨ 14567 ਰਾਹੀਂ ਮਿਲ ਰਹੀਆਂ ਨੇ ਵਿਸ਼ੇਸ਼ ਸਹੂਲਤਾਂ

Top Trending News ਪੰਜਾਬ

 

ਬਜ਼ੁਰਗਾਂ ਦੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ! ਪੰਜਾਬ ‘ਚ ਹੈਲਪਲਾਈਨ 14567 ਰਾਹੀਂ ਮਿਲ ਰਹੀਆਂ ਨੇ ਵਿਸ਼ੇਸ਼ ਸਹੂਲਤਾਂ

ਮੋਗਾ, 9 ਜੁਲਾਈ 2026

ਜ਼ਿਲ੍ਹੇ ਦੇ ਸੀਨੀਅਰ ਸਿਟੀਜਨਾਂ ਦੀ ਭਲਾਈ, ਸੁਰੱਖਿਆ ਅਤੇ ਉਨ੍ਹਾਂ ਨੂੰ ਇੱਕ ਸਨਮਾਨਯੋਗ ਜੀਵਨ ਪ੍ਰਦਾਨ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਪੰਜਾਬ ਐਲਡਰਲਾਈਨ ਹੈਲਪਲਾਈਨ’ (14567) ਇੱਕ ਵਰਦਾਨ ਸਾਬਤ ਹੋ ਰਹੀ ਹੈ। ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹੈਲਪਲਾਈਨ ਨੰਬਰ ਵਿਸ਼ੇਸ਼ ਤੌਰ ‘ਤੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਾਰਜਸ਼ੀਲ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਕਸਰ ਬਜ਼ੁਰਗਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਦਾ ਹੱਲ ਕਈ ਵਾਰ ਉਨ੍ਹਾਂ ਨੂੰ ਨਹੀਂ ਮਿਲਦਾ।

ਇਸ ਟੋਲ-ਫ੍ਰੀ ਨੰਬਰ 14567 ਰਾਹੀਂ ਬਜ਼ੁਰਗ ਘਰ ਬੈਠੇ ਹੀ ਮਹੱਤਵਪੂਰਨ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਇਸ ਹੈਲਪਲਾਈਨ ਰਾਹੀਂ ਮੁੱਖ ਤੌਰ ‘ਤੇ ਕਾਨੂੰਨੀ ਮਾਰਗਦਰਸ਼ਨ, ਸਰਕਾਰੀ ਸਕੀਮਾਂ ਬਾਰੇ ਜਾਣਕਾਰੀ, ਨਿੱਜੀ ਸਮੱਸਿਆਵਾਂ ਲਈ ਕਾਊਂਸਲਿੰਗ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ, ਜੇਕਰ ਕਿਸੇ ਬਜ਼ੁਰਗ ਨੂੰ ਸਮਾਜਿਕ ਜਾਂ ਨਿੱਜੀ ਪੱਧਰ ‘ਤੇ ਕੋਈ ਪ੍ਰੇਸ਼ਾਨੀ ਹੈ, ਤਾਂ ਉਹ ਇਸ ਨੰਬਰ ‘ਤੇ ਸੰਪਰਕ ਕਰਕੇ ਮਦਦ ਲੈ ਸਕਦੇ ਹਨ।

ਸਾਗਰ ਸੇਤੀਆ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜੇ ਵੀ ਬਹੁਤ ਸਾਰੇ ਸੀਨੀਅਰ ਸਿਟੀਜਨ ਇਸ ਹੈਲਪਲਾਈਨ ਨੰਬਰ ਅਤੇ ਇਸ ਰਾਹੀਂ ਮਿਲਣ ਵਾਲੀਆਂ ਸੇਵਾਵਾਂ ਬਾਰੇ ਪੂਰੀ ਤਰ੍ਹਾਂ ਜਾਗਰੂਕ ਨਹੀਂ ਹਨ। ਉਨ੍ਹਾਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਂਢ-ਗੁਆਂਢ ਵਿੱਚ ਰਹਿਣ ਵਾਲੇ ਬਜ਼ੁਰਗਾਂ ਨੂੰ ਇਸ ਨੰਬਰ ਬਾਰੇ ਜਾਣਕਾਰੀ ਦੇਣ, ਤਾਂ ਜੋ ਲੋੜ ਪੈਣ ‘ਤੇ ਕੋਈ ਵੀ ਬਜ਼ੁਰਗ ਇਸ ਸੇਵਾ ਤੋਂ ਵਾਂਝਾ ਨਾ ਰਹੇ।

ਜ਼ਿਲ੍ਹਾ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਬਜ਼ੁਰਗਾਂ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ। ਇਸੇ ਦਿਸ਼ਾ ਵਿੱਚ ਇਹ ਹੈਲਪਲਾਈਨ ਨੰਬਰ ਉਨ੍ਹਾਂ ਨੂੰ ਇੱਕ ਮਜ਼ਬੂਤ ਸਹਾਰਾ ਦੇ ਰਿਹਾ ਹੈ। ਪ੍ਰਸ਼ਾਸਨ ਵੱਲੋਂ ਬਜ਼ੁਰਗਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਉਨ੍ਹਾਂ ਦੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।