Punjab News: ਓਵਰਬ੍ਰਿਜ ‘ਤੇ ਦੋ ਕਾਰਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ, ਦੋ ਔਰਤਾਂ ਸਮੇਤ 3 ਗੰਭੀਰ ਜ਼ਖ਼ਮੀ
ਬਠਿੰਡਾ, 10 ਜੁਲਾਈ 2026- ਬਠਿੰਡਾ-ਮਲੋਟ ਰੋਡ ‘ਤੇ ਸਥਿਤ ਮੁਕਤਸਰ ਰੋਡ ਓਵਰਬ੍ਰਿਜ ਉੱਪਰ ਵੀਰਵਾਰ ਦੁਪਹਿਰ ਕਰੀਬ ਦੋ ਵਜੇ ਦੋ ਕਾਰਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਗੱਡੀਆਂ ਦੇ ਅਗਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ (SSF) ਅਤੇ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ ਅਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ।
ਜ਼ਖਮੀਆਂ ਦੀ ਪਛਾਣ ਸਾਨੀਆ ਪਤਨੀ ਪ੍ਰੇਮ ਕੁਮਾਰ ਨਿਵਾਸੀ ਬਠਿੰਡਾ ਅਤੇ ਅਨੀਤਾ ਪਤਨੀ ਅਮਰਜੀਤ ਸਿੰਘ ਨਿਵਾਸੀ ਹਜੂਰਾ ਕਪੂਰਾ ਕਲੋਨੀ ਵਜੋਂ ਹੋਈ ਹੈ। ਹਾਦਸੇ ਵਿੱਚ ਇੱਕ ਹੋਰ ਵਿਅਕਤੀ ਵੀ ਜ਼ਖਮੀ ਹੋਇਆ ਹੈ, ਜਿਸ ਦੀ ਪਛਾਣ ਖ਼ਬਰ ਲਿਖੇ ਜਾਣ ਤੱਕ ਨਹੀਂ ਹੋ ਸਕੀ ਸੀ। ਸਾਰੇ ਜ਼ਖਮੀਆਂ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਬਠਿੰਡਾ ਦੇ ਦਿੱਲੀ ਹਾਰਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਸ਼ੁਰੂਆਤੀ ਜਾਂਚ ਮੁਤਾਬਕ ਇੱਕ ਮਾਰੂਤੀ ਕਾਰ ਬਠਿੰਡਾ ਤੋਂ ਮਲੋਟ ਵੱਲ ਜਾ ਰਹੀ ਸੀ, ਜਦੋਂ ਕਿ ਦੂਜੀ ਫੋਰਡ ਫਿਗੋ ਕਾਰ ਮਲੋਟ ਤੋਂ ਬਠਿੰਡਾ ਵੱਲ ਆ ਰਹੀ ਸੀ। ਮੁਕਤਸਰ ਰੋਡ ਓਵਰਬ੍ਰਿਜ ‘ਤੇ ਦੋਵੇਂ ਵਾਹਨ ਆਹਮੋ-ਸਾਹਮਣੇ ਟਕਰਾ ਗਏ। ਟੱਕਰ ਦੇ ਜ਼ੋਰ ਕਾਰਨ ਦੋਵਾਂ ਕਾਰਾਂ ਦੇ ਏਅਰਬੈਗ ਖੁੱਲ੍ਹ ਗਏ, ਜਿਸ ਕਾਰਨ ਇੱਕ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ। ਫਿਗੋ ਕਾਰ ਦੇ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਕਿ ਗੱਡੀ ਚਲਾਉਂਦੇ ਸਮੇਂ ਉਸ ਨੂੰ ਅਚਾਨਕ ਝਪਕੀ (ਨੀਂਦ) ਆ ਗਈ ਸੀ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਦੂਜੀ ਲੇਨ ਵਿੱਚ ਚਲੀ ਗਈ ਅਤੇ ਸਾਹਮਣੇ ਤੋਂ ਆ ਰਹੀ ਕਾਰ ਨਾਲ ਜਾ ਟਕਰਾਈ।
ਹਾਦਸੇ ਤੋਂ ਬਾਅਦ ਓਵਰਬ੍ਰਿਜ ‘ਤੇ ਕੁਝ ਸਮੇਂ ਲਈ ਟ੍ਰੈਫਿਕ ਜਾਮ ਹੋ ਗਿਆ ਅਤੇ ਆਵਾਜਾਈ ਪ੍ਰਭਾਵਿਤ ਹੋਈ। ਸੜਕ ਸੁਰੱਖਿਆ ਫੋਰਸ (SSF) ਅਤੇ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਦੁਬਾਰਾ ਸੁਚਾਰੂ ਰੂਪ ਵਿੱਚ ਚਾਲੂ ਕਰਵਾਇਆ। ਸਬੰਧਤ ਥਾਣੇ ਦੀ ਪੁਲਿਸ ਨੇ ਮੌਕੇ ਦਾ ਮੁਆਇਨਾ ਕਰਕੇ ਦੋਵਾਂ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਕਾਨੂੰਨ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾਵੇਗੀ।



