- ਪੰਜਾਬ ਸਰਕਾਰ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੀ ਮੁਲਾਜ਼ਮ ਵਿਰੋਧੀ ਰਿਪੋਰਟ ਤੇ ਹਸਤਾਖਰ ਕਰਨ ਵਾਲੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਫਰੀਦਕੋਟ ਵਿਖੇ ਕੋਠੀ ਦਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤਾ ਘਿਰਾਓ
- ਮੰਤਰੀ ਦੇ ਪ੍ਰਤੀਨਿਧ ਵਜੋਂ ਚੇਤਾਵਨੀ ਪੱਤਰ ਲੈਣ ਆਏ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਚੇਤਾਵਣੀ ਪਤਰ ਦੇਣ ਤੋਂ ਪਹਿਲਾਂ ਧਰਨੇ ਵਿੱਚ ਬੈਠਣ ਲਈ ਕੀਤਾ ਮਜਬੂਰ, ਨਾਲ ਹੀ ਕੀਤੇ ਤਿੱਖੇ ਸਵਾਲ, ਜਵਾਬ ਵਿੱਚ ਸਰਕਾਰ ਵੱਲੋਂ ਜਲਦ ਮੰਗਾਂ ਮੰਨੇ ਜਾਣ ਦਾ ਦਿੱਤਾ ਭਰੋਸਾ
- ਮੰਤਰੀ ਦੇ ਖਿਲਾਫ ਤਿੱਖੀ ਨਾਹਰੇਬਾਜੀ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਬਕ ਸਿਖਾਉਣ ਦੀ ਦਿੱਤੀ ਚਿਤਾਵਨੀ
ਫਰੀਦਕੋਟ, 11 ਜੁਲਾਈ ( ਦੇਸ਼ ਕਲਿੱਕ ਬਿਊਰੋ ) : ਸਾਂਝੀ ਤਾਲਮੇਲ ਕਮੇਟੀ, ਸਾਂਝਾ ਮੁਲਾਜ਼ਮ ਮੰਚ , ਪੰਜਾਬ ਅਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ ਅੱਜ ਫਰੀਦਕੋਟ ਜ਼ਿਲ੍ਹੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਦੇ ਸਮਾਜ ਭਲਾਈਂ ਮੰਤਰੀ ਅਤੇ ਕੈਬਨਿਟ ਸਬ ਕਮੇਟੀ ਦੇ ਮੈਂਬਰ ਡਾਕਟਰ ਬਲਜੀਤ ਕੌਰ ਦੀ ਸਥਾਨਕ ਰਾਇਲ ਸਿਟੀ ਵਿਖੇ ਰਿਹਾਇਸ਼ ਦੇ ਨੇੜੇ ਵਿਸ਼ਾਲ ਰੋਸ ਰੈਲੀ ਕਰਕੇ ਭਗਵੰਤ ਮਾਨ ਸਰਕਾਰ ਅਤੇ ਡਾਕਟਰ ਬਲਜੀਤ ਕੌਰ ਦੇ ਖਿਲਾਫ ਤਿੱਖੀ ਨਾਹਰੇਬਾਜੀ ਕੀਤੀ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਗੁਰਨਾਮ ਸਿੰਘ ਵਿਰਕ, ਮੁੱਖ ਕਨਵੀਨਰ ਸਾਂਝਾ ਮੁਲਾਜ਼ਮ ਮੰਚ, ਪੰਜਾਬ ਅਤੇ ਸੂਬਾ ਪ੍ਰਧਾਨ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ , ਮੁਲਾਜ਼ਮ ਆਗੂ ਬਿਕਰਮਜੀਤ ਸਿੰਘ ਢਿੱਲੋਂ, ਜਤਿੰਦਰ ਕੁਮਾਰ , ਸੁਖਵਿੰਦਰ ਸਿੰਘ ਸੁੱਖੀ, ਇੰਦਰਜੀਤ ਸਿੰਘ ਖੀਵਾ, ਹਰਪ੍ਰੀਤ ਸਿੰਘ ਸਰਾਂ ਟੀ ਐਸ ਯੂ, ਬਲਕਾਰ ਸਿੰਘ ਸਹੋਤਾ, ਨਵਪ੍ਰੀਤ ਸਿੰਘ, ਸੁਖਮੰਦਰ ਸਿੰਘ ਗਿੱਲ ਪੀ ਆਰ ਟੀ ਸੀ, ਪੈਨਸ਼ਨਰ ਆਗ ਕੁਲਵੰਤ ਸਿੰਘ ਚਾਨੀ, ਕਲਵਿੰਦਰ ਸਿੰਘ ਮੌੜ , ਆਸ਼ਾ ਵਰਕਰ ਯੂਨੀਅਨ ਦੇ ਆਗੂ ਸਰਬਜੀਤ ਕੌਰ ਮਚਾਕੀ, ਪਾਵਰ ਕਾਮ ਪੈਨਸ਼ਨ ਆਗੂ ਚੰਦ ਸਿੰਘ ਡੋਡ, ਅਮਰੀਕ ਸਿੰਘ ਸੰਧੂ ਸਾਬਕਾ ਸੂਬਾ ਪ੍ਰਧਾਨ, ਦਰਸ਼ਨ ਲਾਲ ਸ਼ਰਮਾ ਪ੍ਰਬੰਧ ਅਫਸਰ, ਕਿਰਨ ਪ੍ਰਕਾਸ਼ ਮਹਿਤਾ, ਹਰਜਿੰਦਰ ਸਿੰਘ ਧਾਲੀਵਾਲ ਸੇਵਾ ਮੁਕਤ ਡੀ ਐਸ ਪੀ, ਅਧਿਆਪਕ ਆਗੂ ਗਗਨ ਪਾਹਵਾ, ਧਰਮਿੰਦਰ ਸਿੰਘ, ਸਿਮਰਜੀਤ ਸਿੰਘ ਬਰਾੜ , ਵੀਰ ਇੰਦਰਜੀਤ ਸਿੰਘ ਪੁਰੀ, ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੌਲੀਆ , ਅਮਰਜੀਤ ਸਿੰਘ ਵਾਲੀਆ , ਕੁਲਦੀਪ ਸ਼ਰਮਾ ਸੂਬਾਈ ਆਗੂ ਨਗਰ ਕੌਂਸਲ, ਗੁਰਤੇਜ ਸਿੰਘ ਖਹਿਰਾ , ਬਲਵਿੰਦਰ ਰਾਮ ਸ਼ਰਮਾ , ਜਗਤਾਰ ਸਿੰਘ ਗਿੱਲ , ਸੁਭਾਸ਼ ਸ਼ਰਮਾ ਕੋਟਕਪੂਰਾ , ਦਰਸ਼ਨ ਸਿੰਘ ਸਰਾਵਾਂ, ਮਾਸਟਰ ਮੱਖਣ ਸਿੰਘ, ਅਧਿਆਪਕ ਆਗੂ ਜਤਿੰਦਰ ਸਿੰਘ, ਇੰਦਰਜੀਤ ਸਿੰਘ ਗਿੱਲ, ਮਨਜੀਤ ਸਿੰਘ ਸ਼ਤਾਬ, ਨਰਸਿੰਗ ਸਟਾਫ ਆਗੂ ਜਸਵੰਤ ਕੌਰ, ਇਕਬਾਲ ਸਿੰਘ ਢੁੱਡੀ ਜ਼ਿਲ੍ਹਾ ਪ੍ਰਧਾਨ, ਸੁਖਵਿੰਦਰ ਸਿੰਘ ਪ੍ਰਧਾਨ ਸਿਹਤ ਵਿਭਾਗ ਕਲਾਸ ਫ਼ੋਰ ਯੂਨੀਅਨ ਅਤੇ ਹਰਪ੍ਰੀਤ ਸਿੰਘ ਖਾਲਸਾ ਪਾਵਰ ਕਾਮ ਨੇ ਡਾਕਟਰ ਬਲਜੀਤ ਕੌਰ ਤੇ ਦੋਸ਼ ਲਾਇਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀ ਗਈ ਮੁਲਾਜ਼ਮ ਵਿਰੋਧੀ ਰਿਪੋਰਟ ਤੇ ਹਸਤਾਖਰ ਕਰਨ ਸਮੇਂ ਤਾਕਤ ਦੇ ਨਸ਼ੇ ਵਿੱਚ ਆਕੇ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਇਹ ਰੱਤੀ ਭਰ ਵੀ ਨਹੀਂ ਸੋਚਿਆ ਕਿ ਉਹ ਵੀ ਪੰਜਾਬ ਦੇ ਸਿਹਤ ਵਿਭਾਗ ਵਿੱਚ ਸਰਕਾਰੀ ਡਾਕਟਰ ਵਜੋਂ ਸੇਵਾਵਾਂ ਨਿਭਾਉਂਦੇ ਹੋਏ ਤਨਖਾਹ ਲੈਂਦੇ ਰਹੇ ਹਨ ਤੇ ਮੌਜੂਦਾ ਸਮੇਂ ਵਿੱਚ ਪੰਜਾਬ ਸਰਕਾਰ ਦੇ ਇੱਕ ਪੈਨਸ਼ਨਰ ਵੀ ਹਨ। ਆਗੂਆਂ ਨੇ ਚਿਤਾਵਨੀ ਦਿੰਦਿਆਂ ਅੱਗੇ ਕਿਹਾ ਕਿ ਇਹਨਾਂ ਦੀ ਇਸ ਬੱਜਰ ਗ਼ਲਤੀ ਦਾ ਅਹਿਸਾਸ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਚੇਤੇ ਕਰਵਾਇਆ ਜਾਵੇਗਾ ।
ਵੱਖ ਵੱਖ ਬੁਲਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੁਕਮਰਾਨ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਆਪਣੇ ਸਵਾ ਚਾਰ ਸਾਲਾਂ ਦੇ ਰਾਜ ਭਾਗ ਦੌਰਾਨ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਬਹੁਤ ਮਾੜਾ ਵਤੀਰਾ ਅਖਤਿਆਰ ਕੀਤਾ ਹੋਇਆ ਹੈ। ਇਹ ਸਰਕਾਰ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਪਹੁੰਚ ਦੇ ਪੱਖ ਤੋਂ ਪਿਛਲੀਆਂ ਸਾਰੀਆਂ ਹੁਕਮਰਾਨ ਸਰਕਾਰਾਂ ਨਾਲੋਂ ਨਖਿੱਧ ਸਾਬਿਤ ਹੋਈ ਹੈ। ਇਹ ਪਹਿਲੀ ਸਰਕਾਰ ਹੈ, ਜਿਸ ਨੇ ਆਪਣੇ ਮੁਲਾਜਮਾਂ ਨੂੰ ਡੀ ਏ ਦੇਣ ਦੀ ਬਜਾਏ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਮਹਿੰਗੇ ਪ੍ਰਾਈਵੇਟ ਵਕੀਲ ਕਰਕੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਵਿਰੁੱਧ ਦਲੀਲਾਂ ਪੇਸ਼ ਕਰਕੇ ਡੀ ਏ ਨੂੰ ਕੇਂਦਰੀ ਪੈਟਰਨ ਨਾਲੋਂ ਡੀ ਲਿੰਕ ਕਰਨ ਦਾ ਕੋਝਾ ਯਤਨ ਕੀਤਾ ਹੈ।
ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਮੁੱਖ ਮੰਤਰੀ, ਪੰਜਾਬ ਸਰਕਾਰ ਤੁਰੰਤ ਸਾਂਝੀ ਤਾਲਮੇਲ ਕਮੇਟੀ ਦੀ ਲੀਡਰਸ਼ਿਪ ਨਾਲ ਪੈਨਲ ਮੀਟਿੰਗ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲਮਕ ਅਵਸਥਾ ਵਿੱਚ ਪਏ ਸਾਰੇ ਮਸਲੇ ਤੁਰੰਤ ਹੱਲ ਕਰਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ 18 ਫੀਸਦੀ ਦੀ ਦਰ ਨਾਲ ਬਕਾਇਆ ਪਈਆਂ 6 ਕਿਸ਼ਤਾਂ ਤੁਰੰਤ ਦਿੱਤੀਆਂ ਜਾਣ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਤੁਰੰਤ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ, ਸਮੂਹ ਕੱਚੇ ਅਤੇ ਠੇਕਾ ਆਧਾਰਤ ਮੁਲਾਜ਼ਮਾਂ ਨੂੰ ਤੁਰੰਤ ਪੂਰੀਆਂ ਤਨਖਾਹਾਂ ਤੇ ਭੱਤਿਆਂ ਸਮੇਤ ਰੈਗੂਲਰ ਕੀਤਾ ਜਾਵੇ, ਆਸ਼ਾ ਵਰਕਰਾਂ, ਮਿਡ ਡੇਅ ਮੀਲ ਵਰਕਰਾਂ, ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਮੰਨਕੇ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ, ਮਾਨਯੋਗ ਅਦਾਲਤਾਂ ਵੱਲੋਂ ਪਿਛਲੇ ਸਮੇਂ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਕੀਤੇ ਗਏ ਸਾਰੇ ਫੈਸਲੇ ਤੁਰੰਤ ਜਨਰਲਾਈਜ਼ ਕਰਕੇ ਲਾਗੂ ਕੀਤੇ ਜਾਣ, ਮਿਤੀ 15 ਜਨਵਰੀ 2015 ਅਤੇ ਮਿਤੀ 17 ਜੁਲਾਈ 2020 ਦੇ ਪੱਤਰ ਤੁਰੰਤ ਰੱਦ ਕੀਤੇ ਜਾਣ ਮੰਗ ਪੱਤਰ ਵਿੱਚ ਸ਼ਾਮਲ ਸਮੂਹ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।
ਆਗੂਆਂ ਨੇ ਅੱਗੇ ਕਿਹਾ ਕਿ ਮਿਤੀ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਲਾਗੂ ਕੀਤੇ ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਦੇ ਕਾਲੇ ਦਿਨ ਨੂੰ ਮੁੱਖ ਰੱਖ ਕੇ 17-07-2026 ਨੂੰ ਅਨਾਜ ਮੰਡੀ ਸੈਕਟਰ 39 ਚੰਡੀਗੜ੍ਹ ਵਿਖੇ ਮਹਾਂ ਰੈਲੀ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਗਲੋਂ ਜੂਲਾ ਲਾਹੁਣ ਅਤੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਡਾਕਟਰ ਬਲਜੀਤ ਕੌਰ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਸਬਕ ਸਿਖਾਉਣਾ ਦਾ ਪ੍ਰਣ ਲਿਆ ਗਿਆ।
ਫਰੀਦਕੋਟ ਹਲਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਪ੍ਰਤੀਨਿਧ ਵਜੋਂ ਧਰਨੇ ਵਿੱਚ ਪਹੁੰਚਕੇ ਮੁਲਾਜ਼ਮ ਆਗੂਆਂ ਪਾਸੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਂ ਚਿਤਾਵਨੀ ਪੱਤਰ ਪ੍ਰਾਪਤ ਕੀਤਾ ਅਤੇ ਪੁਰਾਣੀ ਪੈਨਸ਼ਨ ਬਹਾਲੀ ਅਤੇ ਡੀ ਏ ਦੀ ਮੰਗ ਤੇ ਧਰਨੇ ਵਿਚ ਮੁਲਾਜਮਾਂ ਨਾਲ ਬੈਠਣ ਲਈ ਮਜਬੂਰ ਕੀਤਾ। ਇਸ ਮੌਕੇ ਤੇ ਮੁਲਾਜਮਾਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਦਿੰਦਿਆਂ ਐੱਮ ਐੱਲ ਏ ਸੇਖੋਂ ਨੇ ਭਰੋਸਾ ਦਿਵਾਇਆ ਕਿ ਉਹ ਮੰਗ ਪੱਤਰ ਸਰਕਾਰ ਨੂੰ ਭੇਜਦਿਆਂ ਮੰਗਾਂ ਪੂਰੀਆਂ ਕਰਨ ਦੀ ਸਿਫਾਰਸ਼ ਕਰਨਗੇ ਅਤੇ ਜਲਦ ਸਰਕਾਰ ਮੁਲਾਜਮਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਦਾ ਨਿਪਟਾਰਾ ਕਰੇਗੀ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਸੋਮ ਨਾਥ ਅਰੋੜਾ, ਅਜੀਤ ਸਿੰਘ ਖਾਲਸਾ, ਰਮੇਸ਼ ਕੌਸ਼ਲ, ਬਿਸ਼ਨ ਕੁਮਾਰ ਅਰੋੜਾ,ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ, ਦਲੇਰ ਸਿੰਘ, ਯਸ਼ ਪਾਲ, ਅਧਿਆਪਕ ਆਗੂ ਹਰ ਜਸਦੀਪ ਸਿੰਘ, ਸਵਰਨ ਪਾਲ ਸਿੰਘ, ਮਲਕੀਤ ਸਿੰਘ , ਇਕਬਾਲ ਸਿੰਘ ਰਣ ਸਿੰਘ ਵਾਲਾ, ਜੋਗਿੰਦਰ ਸਿੰਘ, ਮਨਪ੍ਰੀਤ ਸਿੰਘ ਪੰਜਾਬ ਮੰਡੀ ਬੋਰਡ, ਮੰਦਰ ਸਿੰਘ ਲੈਕਚਰਾਰ, ਸੁਖਮੰਦਰ ਸਿੰਘ ਸੰਧਵਾਂ, ਪੂਰਨ ਸਿੰਘ ਸੰਧਵਾਂ ,ਹਰਪਾਲ ਸਿੰਘ ਸਿਹਤ ਵਿਭਾਗ , ਗੇਜ ਰਾਮ ਭੌਰਾ, ਸੁਖਚੈਨ ਸਿੰਘ ਥਾਂਦੇਵਾਲਾ, ਸੁਖਦਰਸ਼ਨ ਸਿੰਘ ਗਿੱਲ, ਆਦਿ ਹਾਜ਼ਰ ਸਨ।



