Canada ‘ਚ ਜੰਗਲੀ ਅੱਗ ਦਾ ਕਹਿਰ: 950 ਤੋਂ ਵੱਧ ਥਾਵਾਂ ‘ਤੇ ਅੱਗ ਜਾਰੀ, ਲੱਖਾਂ ਹੈਕਟੇਅਰ ਜੰਗਲ ਸੜ ਕੇ ਸੁਆਹ
ਕੈਨੇਡਾ 21 ਜੁਲਾਈ 2026
ਕੈਨੇਡਾ ਇਸ ਸਮੇਂ ਆਪਣੇ ਇਤਿਹਾਸ ਦੇ ਸਭ ਤੋਂ ਗੰਭੀਰ ਜੰਗਲੀ ਅੱਗ ਸੰਕਟਾਂ ਵਿੱਚੋਂ ਇੱਕ ਦਾ ਸਾਹਮਣਾ ਕਰ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਐਟਲਾਂਟਿਕ ਸੂਬਿਆਂ ਤੱਕ ਸੈਂਕੜਿਆਂ ਥਾਵਾਂ ‘ਤੇ ਜੰਗਲਾਂ ਵਿੱਚ ਲੱगੀਆਂ ਅੱਗਾਂ ਲਗਾਤਾਰ ਭਿਆਨਕ ਰੂਪ ਧਾਰਨ ਕਰ ਰਹੀਆਂ ਹਨ।
ਅਧਿਕਾਰਤ ਅੰਕੜਿਆਂ ਅਨੁਸਾਰ, ਦੇਸ਼ ਭਰ ਵਿੱਚ 950 ਤੋਂ ਵੱਧ ਥਾਵਾਂ ’ਤੇ ਜੰਗਲੀ ਅੱਗਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ 241 ਥਾਵਾਂ ’ਤੇ ਅੱਗ ਹਾਲੇ ਵੀ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੈ। ਇਸ ਭਿਆਨਕ ਸੰਕਟ ਕਾਰਨ ਹੁਣ ਤੱਕ ਲਗਭਗ 29 ਲੱਖ (2.9 ਮਿਲੀਅਨ) ਹੈਕਟੇਅਰ ਤੋਂ ਵੱਧ ਜੰਗਲੀ ਖੇਤਰ ਸੜ ਕੇ ਸੁਆਹ ਹੋ ਚੁੱਕਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ।
ਜੰਗਲੀ ਅੱਗਾਂ ਤੋਂ ਉੱਠ ਰਹੇ ਸੰਘਣੇ ਅਤੇ ਜ਼ਹਿਰੀਲੇ ਧੂੰਏਂ ਨੇ ਨਾ ਸਿਰਫ਼ ਸਥਾਨਕ ਇਲਾਕਿਆਂ ਸਗੋਂ ਕਈ ਸੂਬਿਆਂ ਵਿੱਚ ਹਵਾ ਦੀ ਗੁਣਵੱਤਾ ਨੂੰ ਬਹੁਤ ਜ਼ਿਆਦਾ ਖ਼ਰਾਬ ਕਰ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਐਲਰਜੀ ਅਤੇ ਸਾਹ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਫ਼ਾਇਰ ਫ਼ਾਈਟਰਜ਼ ਅਤੇ ਐਮਰਜੈਂਸੀ ਟੀਮਾਂ ਅੱਗ ‘ਤੇ ਕਾਬੂ ਪਾਉਣ ਲਈ ਦਿਨ-ਰਾਤ ਜੱਦੋ-ਜਹਿਦ ਕਰ ਰਹੀਆਂ ਹਨ, ਪਰ ਤੇਜ਼ ਹਵਾਵਾਂ ਅਤੇ ਖੁਸ਼ਕ ਮੌਸਮ ਕਾਰਨ ਰਾਹਤ ਕਾਰਜਾਂ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।



