ਇੰਸਟਾਗ੍ਰਾਮ ਦੋਸਤੀ ਤੋਂ ਬਾਅਦ ਵਿਆਹ ਦਾ ਝਾਂਸਾ ਦੇ ਕੇ ਠੱਗੀ ਮਾਰਨ ਦਾ ਦੋਸ਼, ਬਰਾਤ ਨੂੰ ਬਿਨਾਂ ਲਾੜੀ ਵਾਪਸ ਪਰਤੀ

Top Trending News ਪੰਜਾਬ

 

ਇੰਸਟਾਗ੍ਰਾਮ ਦੋਸਤੀ ਤੋਂ ਬਾਅਦ ਵਿਆਹ ਦਾ ਝਾਂਸਾ ਦੇ ਕੇ ਠੱਗੀ ਮਾਰਨ ਦਾ ਦੋਸ਼, ਬਰਾਤ ਨੂੰ ਬਿਨਾਂ ਲਾੜੀ ਵਾਪਸ ਪਰਤੀ

ਪੱਟੀ 23 ਜੁਲਾਈ 2026

ਹਲਕਾ ਪੱਟੀ ਅਧੀਨ ਪੈਂਦੇ ਪਿੰਡ ਭੱਗੂਪੁਰ ਦੇ ਇਕ ਨੌਜਵਾਨ ਨਾਲ ਸੋਸ਼ਲ ਮੀਡੀਆ ਰਾਹੀਂ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਰਹਿਣ ਵਾਲੇ ਬੋਹੜ ਸਿੰਘ ਨਾਮੀ ਨੌਜਵਾਨ ਨੇ ਦੋਸ਼ ਲਗਾਇਆ ਹੈ ਕਿ ਸੋਸ਼ਲ ਮੀਡੀਆ ਰਾਹੀਂ ਜਾਣ-ਪਛਾਣ ਹੋਈ ਇਕ ਲੜਕੀ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਹਜ਼ਾਰਾਂ ਰੁਪਏ ਠੱਗ ਲਏ ਅਤੇ ਐਨ ਮੌਕੇ ‘ਤੇ ਵਿਆਹ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਸ ਨੂੰ ਬਰਾਤ ਬਿਨਾਂ ਲਾੜੀ ਵਾਪਸ ਮੋੜਨੀ ਪਈ।

ਪੀੜਤ ਨੌਜਵਾਨ ਬੋਹੜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਇੰਸਟਾਗ੍ਰਾਮ ਰਾਹੀਂ ਇਕ ਲੜਕੀ ਨਾਲ ਜਾਣ-ਪਛਾਣ ਹੋਈ ਸੀ, ਜੋ ਸਮਾਂ ਬੀਤਣ ਨਾਲ ਗੂੜ੍ਹੀ ਦੋਸਤੀ ਵਿੱਚ ਬਦਲ ਗਈ। ਇਸ ਦੌਰਾਨ ਲੜਕੀ ਨੇ ਉਸ ਨਾਲ ਵਿਆਹ ਕਰਨ ਦੀ ਹਾਮੀ ਭਰੀ। ਬੋਹੜ ਸਿੰਘ ਦੇ ਦਾਅਵੇ ਮੁਤਾਬਕ, ਲੜਕੀ ਨੇ ਉਸ ਨੂੰ ਇਕ ਗੁਰਦੁਆਰਾ ਸਾਹਿਬ ਵਿਖੇ ਵਿਆਹ ਕਰਨ ਲਈ ਬੁਲਾਇਆ ਸੀ। ਇਸ ਤੋਂ ਪਹਿਲਾਂ ਲੜਕੀ ਨੇ ਵੱਖ-ਵੱਖ ਲੋੜਾਂ ਅਤੇ ਬਹਾਨਿਆਂ ਹੇਠ ਉਸ ਕੋਲੋਂ ਆਨਲਾਈਨ ਅਤੇ ਨਕਦ ਰੂਪ ਵਿੱਚ ਹਜ਼ਾਰਾਂ ਰੁਪਏ ਵੀ ਠੱਗ ਲਏ।

ਤੈਅ ਕੀਤੇ ਪ੍ਰੋਗਰਾਮ ਅਨੁਸਾਰ ਬੋਹੜ ਸਿੰਘ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਨਜ਼ਦੀਕੀ ਸੱਜਣਾਂ ਨੂੰ ਨਾਲ ਲੈ ਕੇ ਸ਼ਾਨੋ-ਸ਼ੌਕਤ ਨਾਲ ਬਰਾਤ ਲੈ ਕੇ ਨਿਰਧਾਰਤ ਸਥਾਨ ‘ਤੇ ਪਹੁੰਚ ਗਿਆ। ਪਰ ਉੱਥੇ ਪਹੁੰਚਣ ‘ਤੇ ਨਾ ਤਾਂ ਲੜਕੀ ਮਿਲੀ ਅਤੇ ਨਾ ਹੀ ਉਸ ਦਾ ਕੋਈ ਪਰਿਵਾਰਕ ਮੈਂਬਰ ਮੌਜੂਦ ਸੀ। ਜਦੋਂ ਬੋਹੜ ਸਿੰਘ ਨੇ ਘਬਰਾ ਕੇ ਲੜਕੀ ਨੂੰ ਫ਼ੋਨ ਕੀਤਾ ਤਾਂ ਉਸ ਨੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇੰਨਾ ਹੀ ਨਹੀਂ, ਜਦੋਂ ਉਸ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਗੱਲ ਕਰਨੋਂ ਮਨ੍ਹਾਂ ਕਰ ਦਿੱਤਾ।

ਇਸ ਅਚਾਨਕ ਵਾਪਰੇ ਘਟਨਾਕ੍ਰਮ ਕਾਰਨ ਪੀੜਤ ਪਰਿਵਾਰ ਨੂੰ ਭਾਰੀ ਜ਼ਲਾਲਤ ਦਾ ਸਾਹਮਣਾ ਕਰਨਾ ਪਿਆ ਅਤੇ ਬਰਾਤ ਨੂੰ ਬਿਨਾਂ ਲਾੜੀ ਦੇ ਹੀ ਵਾਪਸ ਪਰਤਣਾ ਪਿਆ। ਇਸ ਮੌਕੇ ਬੋਹੜ ਸਿੰਘ, ਉਸ ਦੇ ਭਰਾ ਪਿੱਪਲ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਉਕਤ ਲੜਕੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਨੌਜਵਾਨ ਨਾਲ ਅਜਿਹਾ ਧੋਖਾ ਨਾ ਹੋ ਸਕੇ।