ਕੈਨੇਡਾ ਨੇ ਅਮਰੀਕੀ ਮਾਲ ’ਤੇ ਲਾਇਆ ਜਵਾਬੀ ਟੈਕਸ

Top Trending News ਕੌਮਾਂਤਰੀ

  • ਕੈਨੇਡਾ ਨੇ ਅਮਰੀਕੀ ਮਾਲ ’ਤੇ ਲਾਇਆ ਜਵਾਬੀ ਟੈਕਸ

ਨਵੀਂ ਦਿੱਲੀ, 26 ਅਗਸਤ (ਦੇਸ਼ ਕਲਿੱਕ ਬਿਊਰੋ): ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰਕ ਤਣਾਅ ਹੋਰ ਵਧ ਗਿਆ ਹੈ। ਕੈਨੇਡਾ ਨੇ ਅਮਰੀਕੀ ਸਮਾਨ ’ਤੇ ਜਵਾਬੀ ਕਾਰਵਾਈ ਕਰਦਿਆਂ ਕਰੀਬ 20 ਅਰਬ ਡਾਲਰ ਮੁੱਲ ਦੀਆਂ ਵਸਤਾਂ ’ਤੇ ਨਵੇਂ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਇਸ ਸੂਚੀ ਵਿੱਚ ਸਟੀਲ, ਡੇਅਰੀ ਉਤਪਾਦ, ਖੇਤੀਬਾੜੀ ਨਾਲ ਸਬੰਧਤ ਸਾਮਾਨ, ਪਨੀਰ, ਕੱਪੜੇ, ਕਾਸਮੈਟਿਕਸ ਅਤੇ ਟੌਇਲਟ ਪੇਪਰ ਵਰਗੀਆਂ ਵਸਤਾਂ ਸ਼ਾਮਲ ਹਨ।

ਕੈਨੇਡਾ ਵੱਲੋਂ ਲਗਾਏ ਗਏ ਇਹ ਨਵੇਂ ਟੈਰਿਫ 8 ਸਤੰਬਰ ਤੋਂ ਲਾਗੂ ਹੋਣਗੇ। ਇਨ੍ਹਾਂ ਤਹਿਤ 700 ਤੋਂ ਵੱਧ ਅਮਰੀਕੀ ਉਤਪਾਦਾਂ ’ਤੇ 15, 25 ਅਤੇ 50 ਫ਼ੀਸਦੀ ਤੱਕ ਡਿਊਟੀ ਲਗਾਈ ਜਾਵੇਗੀ। ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਸਰਕਾਰੀ ਆਮਦਨ ਵਧਾਉਣਾ ਨਹੀਂ, ਸਗੋਂ ਦੇਸ਼ ਦੀਆਂ ਘਰੇਲੂ ਕੰਪਨੀਆਂ ਅਤੇ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ।

ਕੈਨੇਡਾ ਨੇ ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਕੈਨੇਡੀਅਨ ਵਸਤਾਂ ’ਤੇ ਭਾਰੀ ਟੈਰਿਫ ਲਗਾਉਣ ਤੋਂ ਬਾਅਦ ਲਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਤਣਾਅ ਹੋਰ ਵਧਿਆ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ’ਤੇ ਕੈਨੇਡਾ ਦੇ ਮੁੱਖ ਉਦਯੋਗਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਆਪਣੀ ਭਾਸ਼ਾ, ਸੱਭਿਆਚਾਰ ਅਤੇ ਆਰਥਿਕ ਹਿੱਤਾਂ ਦੀ ਰੱਖਿਆ ਲਈ ਪਿੱਛੇ ਨਹੀਂ ਹਟੇਗਾ।

ਉੱਧਰ ਡੋਨਲਡ ਟਰੰਪ ਵੱਲੋਂ ਵੀ ਕੈਨੇਡਾ ਖ਼ਿਲਾਫ਼ ਹੋਰ ਸਖ਼ਤ ਕਦਮ ਚੁੱਕਣ ਦੀ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਕੈਨੇਡੀਅਨ ਵਾਹਨਾਂ ਅਤੇ ਸਟੀਲ ’ਤੇ ਵਾਧੂ ਟੈਰਿਫ ਲਗਾਉਣ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਓਂਟਾਰੀਓ ਝੀਲ ਦਾ ਨਾਂ ਬਦਲਣ ਸਬੰਧੀ ਉਨ੍ਹਾਂ ਦੀ ਟਿੱਪਣੀ ਨੇ ਵੀ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਨੂੰ ਹੋਰ ਹਵਾ ਦਿੱਤੀ ਹੈ।

ਵਪਾਰਕ ਟਕਰਾਅ ਦੇ ਪ੍ਰਭਾਵ ਨੂੰ ਘਟਾਉਣ ਲਈ ਕੈਨੇਡਾ ਸਰਕਾਰ ਨੇ ਪ੍ਰਭਾਵਿਤ ਕਾਮਿਆਂ ਅਤੇ ਕਾਰੋਬਾਰੀਆਂ ਲਈ 7.5 ਅਰਬ ਕੈਨੇਡੀਅਨ ਡਾਲਰ ਦੇ ਰਾਹਤ ਪੈਕੇਜ ਦਾ ਵੀ ਐਲਾਨ ਕੀਤਾ ਹੈ। ਦੋਵਾਂ ਦੇਸ਼ਾਂ ਦੀਆਂ ਸਪਲਾਈ ਚੇਨਾਂ ਆਪਸ ਵਿੱਚ ਡੂੰਘੀਆਂ ਜੁੜੀਆਂ ਹੋਣ ਕਾਰਨ ਮਾਹਿਰਾਂ ਵੱਲੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਟੈਰਿਫ ਜੰਗ ਦਾ ਅਸਰ ਕਾਰੋਬਾਰੀਆਂ ਦੇ ਨਾਲ-ਨਾਲ ਆਮ ਖ਼ਪਤਕਾਰਾਂ ’ਤੇ ਵੀ ਪੈ ਸਕਦਾ ਹੈ।