- ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਪ੍ਰੈਸ ਕਲੱਬ ਦੇ ਮੈਂਬਰਾਂ ਨੂੰ ਵੰਡੇ ਨਵੇਂ ਸ਼ਨਾਖਤੀ ਕਾਰਡ
- ਪ੍ਰੈੱਸ ਕਲੱਬ ਨੂੰ ਜਲਦੀ ਜ਼ਮੀਨ ਅਲਾਟ ਕਰਵਾਉਣ ਦਾ ਐਲਾਨ
- ਮੋਹਾਲੀ ਪ੍ਰੈੱਸ ਕਲੱਬ ਲਈ 51 ਹਜ਼ਾਰ ਰੁਪਏ ਦੀ ਸਹਾਇਤਾ ਦਾ ਐਲਾਨ
ਮੋਹਾਲੀ, 28 ਨਵੰਬਰ (ਦੇਸ਼ ਕਲਿੱਕ ਬਿਊਰੋ): ਮੋਹਾਲੀ ਪ੍ਰੈਸ ਕਲੱਬ ਵੱਲੋਂ ਆਪਣੇ ਮੈਂਬਰਾਂ ਨੂੰ ਸ਼ਨਾਖਤੀ ਕਾਰਡ ਜਾਰੀ ਕਰਨ ਸਬੰਧੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਕਲੱਬ ਦੇ ਮੈਂਬਰਾਂ ਨੂੰ ਸ਼ਨਾਖਤੀ ਕਾਰਡ ਵੰਡੇ ਅਤੇ ਕਲੱਬ ਦੇ ਨਵੇਂ ਸ਼ਨਾਖਤੀ ਕਾਰਡ ਨੂੰ ਰਸਮੀ ਤੌਰ ‘ਤੇ ਰਿਲੀਜ਼ ਕੀਤਾ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਪ੍ਰੈਸ ਕਲੱਬ ਲਈ ਅਹਿਮ ਐਲਾਨ ਕਰਦਿਆਂ ਕਿਹਾ ਕਿ ਕਲੱਬ ਦੀ ਆਪਣੀ ਕੋਈ ਇਮਾਰਤ ਜਾਂ ਜਗ੍ਹਾ ਨਾ ਹੋਣ ਕਾਰਨ ਪੱਤਰਕਾਰਾਂ ਨੂੰ ਆਪਣੀਆਂ ਗਤੀਵਿਧੀਆਂ ਚਲਾਉਣ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਮੋਹਾਲੀ ਸ਼ਹਿਰ ਵਿੱਚ ਮੰਦਰਾਂ, ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸਥਾਨਾਂ ਵਾਂਗ ਗਮਾਡਾ ਵੱਲੋਂ ਰਿਆਇਤੀ ਦਰਾਂ ‘ਤੇ ਜ਼ਮੀਨ ਅਲਾਟ ਕਰਨ ਦੀ ਯੋਜਨਾ ਦੀ ਤਰਜ਼ ‘ਤੇ ਮੋਹਾਲੀ ਪ੍ਰੈਸ ਕਲੱਬ ਨੂੰ ਵੀ ਜ਼ਮੀਨ ਅਲਾਟ ਕਰਨ ਦੀ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਗਮਾਡਾ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ ਅਤੇ ਮੋਹਾਲੀ ਪ੍ਰੈਸ ਕਲੱਬ ਦਾ ਵੀ ਜ਼ਮੀਨ ਲਈ ਅਰਜ਼ੀ ਦੇ ਸਕੇਗਾ। ਇਸ ਤਰ੍ਹਾਂ ਪੱਤਰਕਾਰਾਂ ਨੂੰ ਆਪਣੀਆਂ ਗਤੀਵਿਧੀਆਂ ਲਈ ਰਿਆਇਤੀ ਦਰਾਂ ‘ਤੇ ਆਪਣੀ ਜਗ੍ਹਾ ਮਿਲ ਸਕੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਸਬੰਧੀ ਲੋੜੀਂਦੀ ਕਾਰਵਾਈ ਜਲਦ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਤੋਂ ਇਲਾਵਾ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਪ੍ਰੈਸ ਕਲੱਬ ਦੀਆਂ ਗਤੀਵਿਧੀਆਂ ਅਤੇ ਹੋਰ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 51 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ।
ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਬਟਵਾਰੀ ਨੇ ਕਲੱਬ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ, ਪੱਤਰਕਾਰਾਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਮਾਰੋਹ ਦੀ ਸਮੁੱਚੀ ਕਾਰਵਾਈ ਵੀ ਬਾਖੂਬੀ ਨਿਭਾਈ। ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ ਨੇ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ। ਸਮਾਰੋਹ ਵਿੱਚ ਨਗਰ ਨਿਗਮ ਮੋਹਾਲੀ ਦੇ ਸੀਨੀਅਰ ਡਿਪਟੀ ਮੇਅਰ ਆਰ.ਪੀ. ਸ਼ਰਮਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਕੈਸ਼ੀਅਰ ਰਾਜੀਵ ਤਨੇਜਾ, ਵਿਜੇ ਕੁਮਾਰ, ਸੰਦੀਪ ਬਿੰਦਰਾ, ਨੀਲਮ ਠਾਕੁਰ ਤੋਂ ਇਲਾਵਾ ਪੱਤਰਕਾਰ ਹਰਦੇਵ ਚੌਹਾਨ, ਸੁਖਵਿੰਦਰਜੀਤ ਸਿੰਘ ਮਨੌਲੀ, ਬਲਜੀਤ ਮਰਵਾਹਾ, ਧਰਮ ਸਿੰਘ, ਅਮਨ ਗਿੱਲ, ਮਾਇਆ ਰਾਮ, ਕੁਲਵਿੰਦਰ ਸਿੰਘ ਬਾਵਾ, ਸਨਾ ਮਹਿੰਦੀ, ਰਾਜਿੰਦਰ ਮਾਰਕੰਡਾ, ਹਰਪ੍ਰੀਤ ਸੋਢੀ, ਅਮਰਪਾਲ ਸਿੰਘ ਨੂਰਪੁਰੀ, ਪ੍ਰਿਤਪਾਲ ਸਿੰਘ ਸੋਢੀ, ਜਗਦੀਪ ਸਿੰਘ, ਰਵਿੰਦਰ ਕੁਮਾਰ, ਰਿਤਿਸ਼ ਕੁਮਾਰ ਨਾਹਰ, ਸਾਗਰ ਪਾਹਵਾ, ਅਮਰਜੀਤ ਸਿੰਘ ਘੁੱਗਾ ਆਦਿ ਪੱਤਰਕਾਰਾਂ ਸਮੇਤ ਮੈਨੇਜਰ ਜਗਦੀਸ਼ ਸ਼ਾਰਦਾ, ਨਰਿੰਦਰ ਰਾਣਾ ਆਦਿ ਹਾਜ਼ਰ ਸਨ।
ਅੰਤ ਵਿੱਚ ਕਲੱਬ ਦੇ ਅਹੁਦੇਦਾਰਾਂ ਨੇ ਵਿਧਾਇਕ ਕੁਲਵੰਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂਬਰਾਂ ਨੂੰ ਸ਼ਨਾਖਤੀ ਕਾਰਡ ਜਾਰੀ ਕਰਨ ਦੇ ਸਮਾਰੋਹ ਵਿੱਚ ਉਨ੍ਹਾਂ ਦੀ ਸ਼ਮੂਲੀਅਤ, ਕਲੱਬ ਦੀਆਂ ਗਤੀਵਿਧੀਆਂ ਲਈ ਵਿੱਤੀ ਸਹਾਇਤਾ ਅਤੇ ਕਲੱਬ ਨੂੰ ਆਪਣੀ ਜਗ੍ਹਾ ਮੁਹੱਈਆ ਕਰਵਾਉਣ ਲਈ ਜ਼ਮੀਨ ਅਲਾਟਮੈਂਟ ਦੀ ਯੋਜਨਾ ਦਾ ਐਲਾਨ ਪੱਤਰਕਾਰ ਭਾਈਚਾਰੇ ਲਈ ਇੱਕ ਅਹਿਮ ਕਦਮ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜ਼ਮੀਨ ਅਲਾਟਮੈਂਟ ਸਬੰਧੀ ਇਹ ਯਤਨ ਜਲਦ ਸਫਲ ਹੋਣਗੇ ਅਤੇ ਕਲੱਬ ਨੂੰ ਆਪਣਾ ਸਥਾਈ ਟਿਕਾਣਾ ਮਿਲ ਸਕੇਗਾ।





