ਪੰਜਾਬ ‘ਚ ਭਿਆਨਕ ਹਾਦਸਾ! ਸਕੂਟੀ ਸਵਾਰ ਪਤੀ-ਪਤਨੀ ਦੀ ਮੌਤ
ਬੱਸੀ ਪਠਾਣਾ (ਫਤਹਿਗੜ੍ਹ ਸਾਹਿਬ), 26 ਅਗਸਤ 2026: ਬੱਸੀ ਪਠਾਣਾ-ਮੋਰਿੰਡਾ ਰੋਡ ’ਤੇ ਆਲਮਪੁਰ-ਨੋਗਾਵਾਂ ਨੇੜੇ ਬੀਤੀ ਸ਼ਾਮ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਸਕੂਟੀ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਧਰਮਵੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼ਸ਼ੀ ਬਾਲਾ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕਾਂ ਦੇ ਪੁੱਤਰ ਦੀ ਸ਼ਿਕਾਇਤ ’ਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਧਰਮਵੀਰ ਸਿੰਘ, ਵਾਸੀ ਸੈਕਟਰ-41ਬੀ, ਚੰਡੀਗੜ੍ਹ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸਕੂਟੀ ’ਤੇ ਸਵਾਰ ਹੋ ਕੇ ਵਾਪਸ ਚੰਡੀਗੜ੍ਹ ਜਾ ਰਹੇ ਸਨ। ਇਸ ਦੌਰਾਨ ਨੋਗਾਵਾਂ-ਆਲਮਪੁਰ ਨੇੜੇ ਇੱਕ ਟਰੱਕ ਨੰਬਰ PB-65BE-6402 ਦੇ ਚਾਲਕ ਨੇ ਕਥਿਤ ਤੌਰ ’ਤੇ ਲਾਪਰਵਾਹੀ ਨਾਲ ਟਰੱਕ ਚਲਾਉਂਦਿਆਂ ਉਨ੍ਹਾਂ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਵਿੱਚ ਧਰਮਵੀਰ ਸਿੰਘ ਅਤੇ ਸ਼ਸ਼ੀ ਬਾਲਾ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਹਾਦਸੇ ਤੋਂ ਬਾਅਦ ਟਰੱਕ ਚਾਲਕ ਦਲਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।





