ਦੇਸ਼ ਦੇ ਕਰੀਬ ਦੋ-ਤਿਹਾਈ ਕਿਸ਼ੋਰਾਂ ’ਚ ਵਿਟਾਮਿਨ ਬੀ-12 ਦੀ ਕਮੀ, ਗਰਭਵਤੀ ਔਰਤਾਂ ਵੀ ਪ੍ਰਭਾਵਿਤ

Top Trending News ਸਿਹਤ
  • ਦੇਸ਼ ਦੇ ਕਰੀਬ ਦੋ-ਤਿਹਾਈ ਕਿਸ਼ੋਰਾਂ ’ਚ ਵਿਟਾਮਿਨ ਬੀ-12 ਦੀ ਕਮੀ, ਗਰਭਵਤੀ ਔਰਤਾਂ ਵੀ ਪ੍ਰਭਾਵਿਤ
  • ICMR-NIN ਦੇ ਸਰਵੇਖਣ ’ਚ ਖੁਲਾਸਾ
  • 10 ਤੋਂ 19 ਸਾਲ ਦੇ 66.1 ਫ਼ੀਸਦੀ ਲੜਕਿਆਂ ਅਤੇ 65.4 ਫ਼ੀਸਦੀ ਲੜਕੀਆਂ ’ਚ ਵਿਟਾਮਿਨ ਦਾ ਪੱਧਰ ਤੈਅ ਮਾਪਦੰਡ ਤੋਂ ਘੱਟ

ਨਵੀਂ ਦਿੱਲੀ: 28 ਨਵੰਬਰ (ਦੇਸ਼ ਕਲਿੱਕ ਬਿਊਰੋ): ਭਾਰਤ ਵਿੱਚ ਕਿਸ਼ੋਰਾਂ ’ਚ ਵਿਟਾਮਿਨ ਬੀ-12 ਦੀ ਘਾਟ ਇੱਕ ਗੰਭੀਰ ਪੋਸ਼ਣ ਸਮੱਸਿਆ ਵਜੋਂ ਸਾਹਮਣੇ ਆਈ ਹੈ। ਭਾਰਤੀ ਮੈਡੀਕਲ ਖੋਜ ਕੌਂਸਲ (ICMR) ਦੇ ਰਾਸ਼ਟਰੀ ਪੋਸ਼ਣ ਸੰਸਥਾਨ (NIN) ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ, ਦੇਸ਼ ਦੇ ਲਗਭਗ ਦੋ-ਤਿਹਾਈ ਕਿਸ਼ੋਰਾਂ ਵਿੱਚ ਇਸ ਮਹੱਤਵਪੂਰਨ ਵਿਟਾਮਿਨ ਦਾ ਪੱਧਰ ਨਿਰਧਾਰਤ ਮਾਪਦੰਡ ਤੋਂ ਘੱਟ ਹੈ। ਇਸ ਮਾਮਲੇ ਵਿੱਚ ਲੜਕਿਆਂ ਦੀ ਸਥਿਤੀ ਲੜਕੀਆਂ ਦੇ ਮੁਕਾਬਲੇ ਥੋੜ੍ਹੀ ਵਧੇਰੇ ਚਿੰਤਾਜਨਕ ਪਾਈ ਗਈ ਹੈ। ਸਰਵੇਖਣ ਮੁਤਾਬਕ, 10 ਤੋਂ 19 ਸਾਲ ਦੀ ਉਮਰ ਦੇ 66.1 ਫ਼ੀਸਦੀ ਲੜਕਿਆਂ ਅਤੇ 65.4 ਫ਼ੀਸਦੀ ਲੜਕੀਆਂ ਵਿੱਚ ਵਿਟਾਮਿਨ ਬੀ-12 ਦੀ ਕਮੀ ਦਰਜ ਕੀਤੀ ਗਈ। ਖੋਜਕਰਤਾਵਾਂ ਨੇ 203 ਪਿਕੋਗ੍ਰਾਮ ਪ੍ਰਤੀ ਮਿਲੀਲੀਟਰ ਤੋਂ ਘੱਟ ਸੀਰਮ ਵਿਟਾਮਿਨ ਬੀ-12 ਦੇ ਪੱਧਰ ਨੂੰ ਇਸ ਦੀ ਘਾਟ ਮੰਨਿਆ ਹੈ। ਇਹ ਅੰਕੜੇ 2023 ਤੋਂ 2025 ਦੌਰਾਨ ਕੀਤੇ ਗਏ ਸੰਪਦਾ ਸਰਵੇਖਣ ਦਾ ਹਿੱਸਾ ਹਨ। ਇਸ ਸਰਵੇਖਣ ਦਾ ਮੁੱਖ ਉਦੇਸ਼ ਦੇਸ਼ ਵਿੱਚ ਅਨੀਮੀਆ ਅਤੇ ਸੂਖਮ ਪੋਸ਼ਕ ਤੱਤਾਂ ਦੀ ਕਮੀ ਦਾ ਮੁਲਾਂਕਣ ਕਰਨਾ ਸੀ।

ਦੋ ਲੱਖ ਤੋਂ ਵੱਧ ਲੋਕ ਸਰਵੇਖਣ ’ਚ ਸ਼ਾਮਲ
ਸਰਵੇਖਣ ਵਿੱਚ 35 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 183 ਜ਼ਿਲ੍ਹਿਆਂ ਤੋਂ ਦੋ ਲੱਖ ਤੋਂ ਵੱਧ ਲੋਕਾਂ ਅਤੇ 81 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ। ਇਸ ਦੌਰਾਨ 1.7 ਲੱਖ ਤੋਂ ਵੱਧ ਖੂਨ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ। ਅੰਕੜਿਆਂ ਅਨੁਸਾਰ, ਕਿਸ਼ੋਰ ਲੜਕੀਆਂ ਵਿੱਚ 36.3 ਫ਼ੀਸਦੀ ਨੂੰ ਆਇਰਨ ਅਤੇ 8.6 ਫ਼ੀਸਦੀ ਨੂੰ ਫੋਲੇਟ ਦੀ ਘਾਟ ਸੀ। ਇਸ ਦੇ ਮੁਕਾਬਲੇ ਕਿਸ਼ੋਰ ਲੜਕਿਆਂ ਵਿੱਚ ਆਇਰਨ ਦੀ ਕਮੀ 10 ਫ਼ੀਸਦੀ ਅਤੇ ਫੋਲੇਟ ਦੀ ਘਾਟ 6.3 ਫ਼ੀਸਦੀ ਦਰਜ ਕੀਤੀ ਗਈ।

ਗਰਭਵਤੀ ਔਰਤਾਂ ’ਚ ਵੀ ਵਿਟਾਮਿਨ ਬੀ-12 ਦੀ ਘਾਟ
ਵਿਟਾਮਿਨ ਬੀ-12 ਦੀ ਕਮੀ ਸਿਰਫ਼ ਕਿਸ਼ੋਰਾਂ ਤੱਕ ਸੀਮਤ ਨਹੀਂ ਹੈ। ਸਰਵੇਖਣ ਵਿੱਚ 20 ਤੋਂ 59 ਸਾਲ ਦੀ ਉਮਰ ਦੇ 60.4 ਫ਼ੀਸਦੀ ਪੁਰਸ਼ਾਂ ਅਤੇ ਗੈਰ-ਗਰਭਵਤੀ ਤੇ ਗੈਰ-ਦੁੱਧ ਚੁੰਘਾਉਣ ਵਾਲੀਆਂ 55.2 ਫ਼ੀਸਦੀ ਔਰਤਾਂ ਵਿੱਚ ਵੀ ਇਸ ਵਿਟਾਮਿਨ ਦਾ ਪੱਧਰ ਘੱਟ ਮਿਲਿਆ। ਗਰਭਵਤੀ ਔਰਤਾਂ ਵਿੱਚ ਇਹ ਅੰਕੜਾ 63.1 ਫ਼ੀਸਦੀ ਰਿਹਾ। ਇਸ ਤੋਂ ਇਲਾਵਾ ਪੰਜ ਤੋਂ ਨੌਂ ਸਾਲ ਦੀ ਉਮਰ ਦੇ 46.5 ਫ਼ੀਸਦੀ ਬੱਚਿਆਂ ਅਤੇ 12 ਤੋਂ 59 ਮਹੀਨਿਆਂ ਦੇ 37.3 ਫ਼ੀਸਦੀ ਬੱਚਿਆਂ ਵਿੱਚ ਵੀ ਵਿਟਾਮਿਨ ਬੀ-12 ਦੀ ਕਮੀ ਪਾਈ ਗਈ।

ਅਨੀਮੀਆ ਅਤੇ ਵਿਟਾਮਿਨ ਬੀ-12 ਦੀ ਕਮੀ ਦੇ ਅੰਕੜਿਆਂ ’ਚ ਫ਼ਰਕ
ਸਰਵੇਖਣ ਨੇ ਅਨੀਮੀਆ ਅਤੇ ਵਿਟਾਮਿਨ ਬੀ-12 ਦੀ ਘਾਟ ਵਿਚਕਾਰ ਅੰਤਰ ਵੀ ਸਾਹਮਣੇ ਲਿਆਂਦਾ ਹੈ। ਕਿਸ਼ੋਰ ਲੜਕੀਆਂ ਵਿੱਚ ਅਨੀਮੀਆ ਦੀ ਦਰ 46.3 ਫ਼ੀਸਦੀ ਸੀ, ਜਦਕਿ 65.4 ਫ਼ੀਸਦੀ ਲੜਕੀਆਂ ਵਿੱਚ ਵਿਟਾਮਿਨ ਬੀ-12 ਦਾ ਪੱਧਰ ਘੱਟ ਪਾਇਆ ਗਿਆ। ਸੰਸਥਾਨ ਅਨੁਸਾਰ, ਇਹ ਅੰਕੜੇ ਦੇਸ਼ ਵਿੱਚ ਪੋਸ਼ਣ ਸਬੰਧੀ ਕਮੀਆਂ ਦੀ ਪਛਾਣ ਕਰਨ ਅਤੇ ਇਨ੍ਹਾਂ ਨੂੰ ਦੂਰ ਕਰਨ ਲਈ ਟੀਚਾਬੱਧ ਸਿਹਤ ਯੋਜਨਾਵਾਂ ਤਿਆਰ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ।