ਅੰਮ੍ਰਿਤਸਰ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਰੋਜ਼ਾਨਾ ਚੱਲੇ ਵੰਦੇ ਭਾਰਤ ਸਲੀਪਰ ਟਰੇਨ; MP ਔਜਲਾ ਨੇ ਰੇਲ ਮੰਤਰੀ ਨੂੰ ਲਿਖਿਆ ਪੱਤਰ
ਅੰਮ੍ਰਿਤਸਰ 26 ਜੁਲਾਈ 2026
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਇੱਕ ਅਹਿਮ ਪੱਤਰ ਲਿਖ ਕੇ ਅੰਮ੍ਰਿਤਸਰ ਅਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਚਾਲੇ ਰੋਜ਼ਾਨਾ ‘ਵੰਦੇ ਭਾਰਤ ਸਲੀਪਰ ਟਰੇਨ’ ਸ਼ੁਰੂ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕੇਵਲ ਯਾਤਰੀਆਂ ਨੂੰ ਰੇਲ ਸਹੂਲਤ ਦੇਣ ਤੱਕ ਸੀਮਤ ਨਹੀਂ ਹੈ, ਸਗੋਂ ਇਹ ਦੇਸ਼ ਭਰ ਵਿੱਚ ਵਾਸ ਕਰਦੇ ਲੱਖਾਂ ਸਿੱਖ ਸ਼ਰਧਾਲੂਆਂ ਦੀਆਂ ਡੂੰਘੀਆਂ ਧਾਰਮਿਕ ਭਾਵਨਾਵਾਂ ਨਾਲ ਸਿੱਧਾ ਜੁੜਿਆ ਹੋਇਆ ਹੈ।
ਸੰਸਦ ਮੈਂਬਰ ਔਜਲਾ ਨੇ ਆਪਣੇ ਪੱਤਰ ਵਿੱਚ ਇਸ ਗੱਲ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਸਿੱਖ ਜਥਿਆਂ, ਸੰਤ-ਮਹਾਂਪੁਰਸ਼ਾਂ, ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਸੰਸਥਾਵਾਂ ਅਤੇ ਹਜ਼ਾਰਾਂ ਆਮ ਸ਼ਰਧਾਲੂਆਂ ਵੱਲੋਂ ਲਗਾਤਾਰ ਮੰਗ-ਪੱਤਰ ਸੌਂਪੇ ਜਾ ਰਹੇ ਹਨ। ਇਨ੍ਹਾਂ ਸਾਰੀਆਂ ਸੰਸਥਾਵਾਂ ਅਤੇ ਸ਼ਰਧਾਲੂਆਂ ਦੀ ਇੱਕੋ-ਇੱਕ ਮੁੱਖ ਮੰਗ ਇਹੀ ਹੈ ਕਿ ਸਿੱਖ ਧਰਮ ਦੇ ਦੋ ਪ੍ਰਮੁੱਖ ਤਖ਼ਤ ਸਾਹਿਬਾਨ ਨੂੰ ਆਪਸ ਵਿੱਚ ਜੋੜਨ ਵਾਲੀ ਕੋਈ ਆਧੁਨਿਕ, ਤੇਜ਼ ਅਤੇ ਆਰਾਮਦਾਇਕ ਸਲੀਪਰ ਰੇਲ ਸੇਵਾ ਹੋਣੀ ਚਾਹੀਦੀ ਹੈ।
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ, “ਅੰਮ੍ਰਿਤਸਰ ਅਤੇ ਨਾਂਦੇੜ ਦਰਮਿਆਨ ਸਿੱਖ ਸ਼ਰਧਾਲੂਆਂ ਦੀ ਆਵਜਾਈ ਬਹੁਤ ਭਾਰੀ ਗਿਣਤੀ ਵਿੱਚ ਹੁੰਦੀ ਹੈ। ਮੌਜੂਦਾ ਸਮੇਂ ਚੱਲ ਰਹੀਆਂ ਟਰੇਨਾਂ ਦਾ ਸਮਾਂ ਅਤੇ ਗਿਣਤੀ ਸ਼ਰਧਾਲੂਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਾਕਾਫ਼ੀ ਸਾਬਤ ਹੋ ਰਹੀ ਹੈ।”
ਉਨ੍ਹਾਂ ਕੇਂਦਰੀ ਰੇਲ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸ਼ਰਧਾਲੂਆਂ ਦੀ ਇਸ ਭਾਵਨਾ ਅਤੇ ਵੱਡੀ ਲੋੜ ਨੂੰ ਸਮਝਦਿਆਂ ਜਲਦੀ ਤੋਂ ਜਲਦੀ ਇਸ ਰੂਟ ਉੱਤੇ ਹਾਈ-ਸਪੀਡ ਵੰਦੇ ਭਾਰਤ ਸਲੀਪਰ ਟਰੇਨ ਦੀ ਸੌਗਾਤ ਦਿੱਤੀ ਜਾਵੇ, ਤਾਂ ਜੋ ਦੇਸ਼ ਦੇ ਕੋਨੇ-ਕੋਨੇ ਤੋਂ ਆਉਣ ਵਾਲੇ ਯਾਤਰੀਆਂ ਅਤੇ ਸ਼ਰਧਾਲੂਆਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸੁਖਾਵਾਂ ਸਫ਼ਰ ਮਿਲ ਸਕੇ।



