ਅਮਰੀਕਾ ‘ਚ ਪੰਜਾਬੀ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਜਲੰਧਰ 28 ਜੁਲਾਈ 2026
ਜ਼ਿਲ੍ਹਾ ਜਲੰਧਰ ਦੇ ਕਸਬਾ ਭੋਗਪੁਰ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਭੋਗਪੁਰ ਸ਼ਹਿਰ ਦੇ ਰਹਿਣ ਵਾਲੇ ਨੌਜਵਾਨ ਪੰਜਾਬੀ ਜਸਪਾਲ ਸਿੰਘ ਗੋਰਾ (34) ਦੀ ਅਮਰੀਕਾ ਦੇ ਯੂਬਾ ਸਿਟੀ ਵਿਖੇ ਅਚਾਨਕ ਦਿਲ ਦਾ ਦੌਰਾ (ਹਾਰਟ ਅਟੈਕ) ਪੈਣ ਕਾਰਨ ਮੌਤ ਹੋ ਗਈ ਹੈ। ਇਸ ਅਚਾਨਕ ਵਾਪਰੇ ਭਾਣੇ ਕਾਰਨ ਜਿੱਥੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਪੂਰੇ ਭੋਗਪੁਰ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਬਿਕਰਮਜੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਜਸਪਾਲ ਸਿੰਘ ਗੋਰਾ ਨੂੰ ਅਚਾਨਕ ਛਾਤੀ ਵਿੱਚ ਦਰਦ ਉੱਠਿਆ ਅਤੇ ਦਿਲ ਦਾ ਦੌਰਾ ਪੈ ਗਿਆ। ਦੌਰਾ ਇੰਨਾ ਭਿਆਨਕ ਸੀ ਕਿ ਉਸ ਨੂੰ ਸੰਭਲਣ ਦਾ ਕੋਈ ਮੌਕਾ ਨਹੀਂ ਮਿਲਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਵਾਨ ਪੁੱਤਰ ਦੀ ਇਸ ਬੇਵਖਤ ਮੌਤ ਨੇ ਮਾਪਿਆਂ ਤੋਂ ਉਨ੍ਹਾਂ ਦਾ ਸਹਾਰਾ ਖੋਹ ਲਿਆ ਹੈ ਅਤੇ ਪੂਰਾ ਪਰਿਵਾਰ ਇਸ ਸਮੇਂ ਡੂੰਘੇ ਸਦਮੇ ਵਿੱਚੋਂ ਗੁਜ਼ਰ ਰਿਹਾ ਹੈ।
ਵਿਦੇਸ਼ ਦੀ ਧਰਤੀ ਤੋਂ ਆਈ ਇਸ ਦੁਖਦਾਈ ਖ਼ਬਰ ਮਗਰੋਂ ਇਲਾਕੇ ਭਰ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਜਸਪਾਲ ਸਿੰਘ ਗੋਰਾ ਦੀ ਬੇਵਕਤ ਮੌਤ ‘ਤੇ ਇਲਾਕੇ ਦੀਆਂ ਪ੍ਰਮੁੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਨੇ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਪਰਿਵਾਰ ਨੂੰ ਇਸ ਅਸਹਿ ਅਤੇ ਅਕਹਿ ਘਾਟੇ ਨੂੰ ਬਰਦਾਸ਼ਤ ਕਰਨ ਦਾ ਹੌਸਲਾ ਬਖ਼ਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ।



