- ਜਾਪਾਨ ‘ਚ ਆਇਆ ਜ਼ਬਰਦਸਤ ਭੂਚਾਲ: 48,000 ਘਰਾਂ ਦੀ ਬਿਜਲੀ ਠੱਪ
ਨਵੀਂ ਦਿੱਲੀ, 28 ਜੁਲਾਈ (ਦੇਸ਼ ਕਲਿੱਕ ਬਿਊਰੋ): ਮੰਗਲਵਾਰ ਨੂੰ ਜਾਪਾਨ ਦੇ ਦੱਖਣੀ ਟਾਪੂ ਕਿਊਸ਼ੂ ਦੇ ਕੁਮਾਮੋਟੋ ਵਿੱਚ 6.8 ਤੀਬਰਤਾ ਦਾ ਭੂਚਾਲ ਆਇਆ। ਪਰ ਪਹਿਲਾਂ ਭੂਚਾਲ ਦੀ ਤੀਬਰਤਾ ਪਹਿਲਾਂ 7.1 ਦੱਸੀ ਗਈ ਸੀ। ਜਾਪਾਨ ਮੌਸਮ ਵਿਗਿਆਨ ਏਜੰਸੀ (ਜੇਐਮਏ) ਦੇ ਅਨੁਸਾਰ, ਭੂਚਾਲ ਦਾ ਕੇਂਦਰ ਕੁਮਾਮੋਟੋ ਦੇ ਤੱਟਵਰਤੀ ਸ਼ਹਿਰ ਉਟੋ ਦੇ ਨੇੜੇ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਸ਼ੁਰੂਆਤੀ ਭੂਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ, ਪਰ ਬਾਅਦ ਵਿੱਚ ਵਾਪਸ ਲੈ ਲਈ ਗਈ।
ਭੂਚਾਲ ਨੇ 48,300 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਕਰ ਦਿੱਤੀ। ਬਿਜਲੀ ਕੰਪਨੀ ਕਿਊਸ਼ੂ ਇਲੈਕਟ੍ਰਿਕ ਪਾਵਰ ਨੇ ਕਿਹਾ ਕਿ ਬਿਜਲੀ ਬਹਾਲ ਕਰਨ ਦਾ ਕੰਮ ਚੱਲ ਰਿਹਾ ਹੈ। ਭੂਚਾਲ ਕਾਰਨ ਕਈ ਖੇਤਰਾਂ ਵਿੱਚ ਸੜਕਾਂ ਵਿੱਚ ਵੱਡੀਆਂ ਤਰੇੜਾਂ ਪੈ ਗਈਆਂ। ਅੱਗ ਲੱਗਣ ਅਤੇ ਜ਼ਖਮੀ ਹੋਣ ਦੀਆਂ ਵੀ ਰਿਪੋਰਟਾਂ ਹਨ। ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਬਚਾਅ ਟੀਮਾਂ ਤਾਇਨਾਤ ਹਨ, ਅਤੇ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।
ਜਾਪਾਨ ਮੌਸਮ ਵਿਗਿਆਨ ਏਜੰਸੀ (ਜੇਐਮਏ) ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਭੂਚਾਲ ਦੇ ਝਟਕੇ ਆ ਸਕਦੇ ਹਨ, ਅਤੇ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ।



