‘ਪੰਜਾਬ ਬੰਦ’ ਦੌਰਾਨ ਅੰਮ੍ਰਿਤਸਰ ‘ਚ ਦਰਦਨਾਕ ਹਾਦਸਾ; ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੀ ਮੌਤ

Top Trending News ਪੰਜਾਬ

 

‘ਪੰਜਾਬ ਬੰਦ’ ਦੌਰਾਨ ਅੰਮ੍ਰਿਤਸਰ ‘ਚ ਦਰਦਨਾਕ ਹਾਦਸਾ; ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੀ ਮੌਤ

ਅੰਮ੍ਰਿਤਸਰ, 30 ਜੁਲਾਈ 2026- ਸਫ਼ਾਈ ਕਾਮਿਆਂ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਨੂੰ ਸੂਬੇ ਭਰ ਵਿੱਚ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਜ਼ਿਆਦਾਤਰ ਥਾਵਾਂ ‘ਤੇ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਹੋਏ, ਪਰ ਅੰਮ੍ਰਿਤਸਰ ਤੋਂ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ। ਪ੍ਰਦਰਸ਼ਨ ਦੌਰਾਨ ਆਵਾਜਾਈ ਰੋਕਣ ਲਈ ਪੁਲ ‘ਤੇ ਬੰਨ੍ਹੇ ਗਏ ਰੱਸੇ ਨਾਲ ਟਕਰਾਉਣ ਕਾਰਨ ਪੰਜਾਬ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ, ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਰਣਬੀਰ ਸਿੰਘ ਏਆਰਪੀ (ARP) ਵਿੱਚ ਤਾਇਨਾਤ ਸਨ ਅਤੇ ਉਹ ਬਟਾਲਾ ਜ਼ਿਲ੍ਹੇ ਦੇ ਵਸਨੀਕ ਸਨ। ਡਿਊਟੀ ਸਮਾਪਤ ਕਰਨ ਤੋਂ ਬਾਅਦ ਉਹ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਘਰ ਵਾਪਸ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਲੰਘ ਰਹੇ ਸਨ ਤਾਂ ਉੱਥੇ ਵਾਲਮੀਕੀ ਸਮਾਜ ਦੇ ਰੋਸ ਪ੍ਰਦਰਸ਼ਨ ਕਾਰਨ ਆਵਾਜਾਈ ਰੋਕਣ ਲਈ ਇੱਕ ਰੱਸਾ ਬੰਨ੍ਹਿਆ ਹੋਇਆ ਸੀ।

ਦੱਸਿਆ ਜਾ ਰਿਹਾ ਹੈ ਕਿ ਰਣਬੀਰ ਸਿੰਘ ਨੂੰ ਇਹ ਰੱਸਾ ਸਮੇਂ ਸਿਰ ਨਜ਼ਰ ਨਹੀਂ ਆਇਆ ਅਤੇ ਉਹ ਸਿੱਧੇ ਉਸ ਨਾਲ ਟਕਰਾ ਗਏ। ਰੱਸਾ ਉਨ੍ਹਾਂ ਦੀ ਗਰਦਨ ਨਾਲ ਜ਼ੋਰ ਨਾਲ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਨਾਲ ਸਬੰਧਤ ਸਾਰੇ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਦਰਦਨਾਕ ਹਾਦਸੇ ਨਾਲ ਪੁਲਿਸ ਮਹਿਕਮੇ ਅਤੇ ਮ੍ਰਿਤਕ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਨਾਲ ਹੀ, ਪ੍ਰਦਰਸ਼ਨਾਂ ਦੌਰਾਨ ਆਵਾਜਾਈ ਰੋਕਣ ਲਈ ਵਰਤੇ ਜਾਂਦੇ ਤਰੀਕਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।