- 23 ਸਾਲਾ ਮੁਟਿਆਰ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ
ਲੁਧਿਆਣਾ, 3 ਨਵੰਬਰ (ਦੇਸ਼ ਕਲਿੱਕ ਬਿਊਰੋ): ਸ਼ਹਿਰ ਦੇ ਹਰਚਰਨ ਨਗਰ ਇਲਾਕੇ ਵਿੱਚ 23 ਸਾਲਾ ਮੁਟਿਆਰ ਰੈਨਾ ਧੀਰ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਦੀ ਦੱਸੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਪਰਿਵਾਰ ਅਤੇ ਨੌਜਵਾਨ ਵੱਲੋਂ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਘਟਨਾ ਤੋਂ ਬਾਅਦ ਮੁਟਿਆਰ ਦੇ ਪਰਿਵਾਰਕ ਮੈਂਬਰਾਂ ਨੇ ਸੀਐਮਸੀ ਹਸਪਤਾਲ ਚੌਕ ਵਿੱਚ ਧਰਨਾ ਦੇ ਕੇ ਆਵਾਜਾਈ ਰੋਕ ਦਿੱਤੀ ਅਤੇ ਨੌਜਵਾਨ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੇ ਜਨਮਦਿਨ ਮੌਕੇ ਰੈਨਾ ਨੂੰ ਮਿਲਣ ਉਸ ਦੇ ਘਰ ਗਿਆ ਸੀ। ਉਸ ਮੁਤਾਬਕ, ਮੁਟਿਆਰ ਨੇ ਹੀ ਉਸ ਨੂੰ ਕੇਕ ਕੱਟਣ ਲਈ ਬੁਲਾਇਆ ਸੀ। ਇਸ ਦੌਰਾਨ ਮੁਟਿਆਰ ਦੇ ਭਰਾ ਅਤੇ ਮਾਂ ਵੱਲੋਂ ਉਸ ’ਤੇ ਹਮਲਾ ਕਰਵਾਇਆ ਗਿਆ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਥਾਰ ਗੱਡੀ ’ਤੇ ਗੋਲੀਆਂ ਚਲਾਈਆਂ ਗਈਆਂ ਅਤੇ ਇੱਟਾਂ-ਪੱਥਰ ਵੀ ਮਾਰੇ ਗਏ। ਨੌਜਵਾਨ ਅਨੁਸਾਰ, ਮੁਟਿਆਰ ਦੀ ਮਾਂ ਨੇ ਉਸ ਨੂੰ ਜਾਨੋਂ ਮਾਰਨ ਲਈ ਉਕਸਾਉਂਦਿਆਂ ਆਵਾਜ਼ਾਂ ਵੀ ਮਾਰੀਆਂ। ਉਹ ਕਿਸੇ ਤਰ੍ਹਾਂ ਉੱਥੋਂ ਆਪਣੀ ਜਾਨ ਬਚਾ ਕੇ ਨਿਕਲਿਆ।
ਦੂਜੇ ਪਾਸੇ, ਮੁਟਿਆਰ ਦੇ ਭਰਾ ਨੇ ਇਨ੍ਹਾਂ ਦੋਸ਼ਾਂ ਤੋਂ ਵੱਖਰਾ ਪੱਖ ਰੱਖਿਆ ਹੈ। ਉਸ ਦਾ ਕਹਿਣਾ ਹੈ ਕਿ ਨੌਜਵਾਨ ਗਲੀ ਵਿੱਚ ਆ ਕੇ ਉਸ ਦੀ ਭੈਣ ਨੂੰ ਤੰਗ-ਪਰੇਸ਼ਾਨ ਕਰਦਾ ਸੀ ਅਤੇ ਇਸੇ ਤੋਂ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ।
ਪਰਿਵਾਰ ਵੱਲੋਂ ਸੀਐਮਸੀ ਚੌਕ ’ਚ ਧਰਨਾ
ਮੁਟਿਆਰ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਸੀਐਮਸੀ ਹਸਪਤਾਲ ਚੌਕ ਵਿੱਚ ਸੜਕ ’ਤੇ ਬੈਠ ਗਏ। ਉਨ੍ਹਾਂ ਦੀ ਮੰਗ ਹੈ ਕਿ ਰੈਨਾ ਨੂੰ ਕਥਿਤ ਤੌਰ ’ਤੇ ਤੰਗ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਹੋਵੇਗੀ ਕਾਰਵਾਈ: ਪੁਲੀਸ
ਥਾਣਾ ਡਿਵੀਜ਼ਨ ਨੰਬਰ-3 ਦੇ ਐੱਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਹਰਚਰਨ ਨਗਰ ਦੀ ਰਹਿਣ ਵਾਲੀ ਰੈਨਾ ਧੀਰ ਦੀ ਖ਼ੁਦਕੁਸ਼ੀ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਟੀਮ ਸੀਐਮਸੀ ਹਸਪਤਾਲ ਪਹੁੰਚ ਗਈ ਸੀ। ਉਨ੍ਹਾਂ ਮੁਤਾਬਕ, ਪਰਿਵਾਰ ਨੇ ਆਪਣੇ ਬਿਆਨਾਂ ਵਿੱਚ ਦਿਵਿਆਂਸ਼ੂ ਬੱਗਾ ਨਾਮਕ ਨੌਜਵਾਨ ’ਤੇ ਮੁਟਿਆਰ ਨੂੰ ਤੰਗ ਕਰਨ ਦੇ ਦੋਸ਼ ਲਾਏ ਹਨ।
ਐੱਸਆਈ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।







