ਗੁਰਦੁਆਰਾ ਮੰਜੀ ਸਾਹਿਬ ਗੋਲੀ ਕਾਂਡ: ਪੁਲਿਸ ਵੱਲੋਂ ਗ੍ਰਿਫ਼ਤਾਰ “ਰਾਜੂ” ਦੀ ਇਲਾਜ ਦੌਰਾਨ ਮੌਤ
ਹਲਵਾਰਾ (ਲੁਧਿਆਣਾ), 3 ਨਵੰਬਰ 2026: ਗੁਰਦੁਆਰਾ ਮੰਜੀ ਸਾਹਿਬ, ਰਾਜੋਆਣਾ ਕਲਾਂ ਵਿਖੇ ਬੀਤੇ ਦਿਨੀਂ ਹੋਈ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਰਾਜ ਸਿੰਘ ਉਰਫ਼ ਰਾਜੂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉਹ ਨੂਰਪੁਰ ਦਾ ਰਹਿਣ ਵਾਲਾ ਸੀ ਅਤੇ ਲੁਧਿਆਣਾ ਦੇ ਹਸਪਤਾਲ ਵਿੱਚ ਇਲਾਜ ਅਧੀਨ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, ਰਾਜ ਸਿੰਘ ਦੀ ਥਾਣਾ ਸੁਧਾਰ ਵਿਖੇ ਅਚਾਨਕ ਸਿਹਤ ਵਿਗੜ ਗਈ। ਇਸ ਦੌਰਾਨ ਉਸ ਦਾ ਬਲੱਡ ਪ੍ਰੈਸ਼ਰ ਘੱਟ ਹੋਣ ਕਾਰਨ ਪੁਲਿਸ ਵੱਲੋਂ ਉਸ ਨੂੰ ਪਹਿਲਾਂ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ। ਹਾਲਤ ਵਿੱਚ ਸੁਧਾਰ ਨਾ ਹੋਣ ’ਤੇ ਉਸ ਨੂੰ ਲੁਧਿਆਣਾ ਦੇ ਗਲੋਬਲ ਹਾਰਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਡਾਕਟਰੀ ਇਲਾਜ ਦੇ ਬਾਵਜੂਦ ਰਾਜ ਸਿੰਘ ਦੀ ਜਾਨ ਨਹੀਂ ਬਚਾਈ ਜਾ ਸਕੀ ਅਤੇ ਉਸ ਨੇ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਮੰਜੀ ਸਾਹਿਬ ਵਿਖੇ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਰਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।







