ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ, ਕਿਹਾ – ਸਾਡੀ ਪੁਲਸ ਵਲੋਂ ਫਾਰਮੇਸੀ ਪ੍ਰੀਖਿਆ ‘ਚ ਹਰਿਆਣਾ ਦੇ ਅੰਤਰਰਾਜੀ ‘ਨਕਲ ਗਿਰੋਹ’ ਦਾ ਪਰਦਾਫਾਸ਼
ਚੰਡੀਗੜ੍ਹ 1 ਅਗਸਤ 2026
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ ਦੇ ਪੇਡਾ (PEDA) ਕੰਪਲੈਕਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਪੁਲਿਸ ਨੇ ਹਰਿਆਣਾ ਤੋਂ ਚੱਲ ਰਹੇ ਇੱਕ ਵੱਡੇ ਅੰਤਰਰਾਜੀ ਨਕਲ ਮਾਰਨ ਵਾਲੇ ਗਿਰੋਹ ਦਾ ਭਾਂਡਾ ਫੋੜਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦਾ ਮੁੱਖ ਸਰਗਨਾ ਹਰਿਆਣਾ ਦੇ ਭਿਵਾਨੀ ਦਾ ਰਹਿਣ ਵਾਲਾ ਹੈ, ਜਿਸ ਨੇ ਬਾਬਾ ਫਰੀਦ ਯੂਨੀਵਰਸਿਟੀ (BFUHS) ਫ਼ਰੀਦਕੋਟ ਦੀ ਫਾਰਮੇਸੀ ਪ੍ਰੀਖਿਆ ਵਿੱਚ ਹਾਈ-ਟੈਕ ਉਪਕਰਨਾਂ ਰਾਹੀਂ ਨਕਲ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।
ਮੰਤਰੀ ਬੈਂਸ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਦੀ ਇਸ ਕਾਰਵਾਈ ਨੇ ਪੰਜਾਬ ‘ਤੇ ਲੱਗੇ ਪੇਪਰ ਲੀਕ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਸਰਕਾਰ ਦੀ ਨਾਕਾਮੀ ਕਾਰਨ ਇਹ ਰੈਕੇਟ ਸਾਲਾਂ ਤੋਂ ਫੈਲ ਰਿਹਾ ਸੀ। ਹਰਿਆਣਾ ਪੁਲਿਸ ਇਸ ‘ਤੇ ਲਗਾਮ ਲਗਾਉਣ ‘ਚ ਅਸਫਲ ਰਹੀ, ਜਦਕਿ ਪੰਜਾਬ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਪੂਰੇ ਨੈੱਟਵਰਕ ਨੂੰ ਬੇਨਕਾਬ ਕੀਤਾ ਹੈ।
ਗਿਰੋਹ ਦੇ ਕੰਮ ਕਰਨ ਦੇ ਤਰੀਕੇ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਦੋਸ਼ੀ ਮਾਈਕ੍ਰੋ-ਚਿੱਪ ਯੁਕਤ ‘ਕੇਚੌਡਾ’ (K33) ਫੋਨਾਂ ਅਤੇ ਲੁਕਵੇਂ ਸੰਚਾਰ ਯੰਤਰਾਂ ਵਰਗੀ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦੇ ਸਨ। ਹਰਿਆਣਾ ਵਿੱਚ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਇਹ ਮਾਸਟਰਮਾਈਂਡ ਆਪਣੇ ਗੈਰ-ਕਾਨੂੰਨੀ ਕਾਰੋਬਾਰ ਨੂੰ ਪੰਜਾਬ ਵਿੱਚ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਭਿਵਾਨੀ ਅੱਜ ਨਕਲ ਦੀ ਫੈਕਟਰੀ ਬਣ ਚੁੱਕਾ ਹੈ, ਜਿਸ ਨੇ ਹਜ਼ਾਰਾਂ ਯੋਗ ਨੌਜਵਾਨਾਂ ਦਾ ਭਵਿੱਖ ਬਰਬਾਦ ਕੀਤਾ ਹੈ।
ਹਰਿਆਣਾ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਬੈਂਸ ਨੇ ਕਿਹਾ ਕਿ ਦੂਜੇ ਸੂਬਿਆਂ ਵਿੱਚ ਸਿਆਸੀ ਏਜੰਡੇ ਤੈਅ ਕਰਨ ਦੀ ਥਾਂ ਹਰਿਆਣਾ ਸਰਕਾਰ ਆਪਣੇ ਸੂਬੇ ਦੇ ਵਿਦਿਆਰਥੀਆਂ ਦੇ ਭਵਿੱਖ ਦੀ ਰਾਖੀ ਕਰੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਭਗਵੰਤ ਮਾਨ ਸਰਕਾਰ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਬਦਨਾਮ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਪੰਜਾਬ ਵਿੱਚ ਨਕਲ ਵਿਰੁੱਧ ‘ਜ਼ੀਰੋ ਟੋਲਰੈਂਸ’ ਨੀਤੀ ਹੈ ਅਤੇ ਸੂਬੇ ਨੇ “ਉੱਡਦਾ ਪੰਜਾਬ” ਤੋਂ “ਪੜ੍ਹਦਾ ਪੰਜਾਬ” ਦਾ ਸਫਰ ਤੈਅ ਕੀਤਾ ਹੈ।



