ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਵਿੱਚ ਸਰਕਾਰ ਦੇ ਸਿਹਤ ਮਾਡਲ ਦੀ ਖੋਲ੍ਹੀ ਪੋਲ

Top Trending News ਪੰਜਾਬ
  • ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਵਿੱਚ ਸਰਕਾਰ ਦੇ ਸਿਹਤ ਮਾਡਲ ਦੀ ਖੋਲ੍ਹੀ ਪੋਲ
  • ਸੈਕਟਰ-66 ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਸਿਵਲ ਹਸਪਤਾਲ ਪ੍ਰੋਜੈਕਟ ਦੀ ਮੌਜੂਦਾ ਹਕੀਕਤ ਲੋਕਾਂ ਸਾਹਮਣੇ ਰੱਖੀ

ਮੋਹਾਲੀ 3 ਅਗਸਤ 2026, (ਦੇਸ਼ ਕਲਿੱਕ ਬਿਊਰੋ): ‘AAP ਦੀ ਸਿਹਤ ਦਾ Reality Check’ ਮੁਹਿੰਮ ਤਹਿਤ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਅੱਜ ਸੈਕਟਰ-66, ਮੋਹਾਲੀ ਵਿਖੇ ਉਸ ਸਥਾਨ ਦਾ ਦੌਰਾ ਕਰਨ ਪਹੁੰਚੇ, ਜਿੱਥੇ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਸਿਹਤ ਮੰਤਰੀ ਰਹਿੰਦਿਆਂ 350 ਬਿਸਤਰਿਆਂ ਵਾਲੇ ਸਾਹਿਬਜ਼ਾਦਾ ਅਜੀਤ ਸਿੰਘ ਸਿਵਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸੱਤਾ ਸੰਭਾਲਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ, ਪਰ ਹਕੀਕਤ ਇਹ ਹੈ ਕਿ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇਸ ਹਸਪਤਾਲ ਦੀ ਉਸਾਰੀ ਲਈ ਇੱਕ ਇੱਟ ਤੱਕ ਨਹੀਂ ਲਗਾਈ ਗਈ।

ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਇਸ ਹਸਪਤਾਲ ਲਈ ਲੋੜੀਂਦੀਆਂ ਸਾਰੀਆਂ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਪੂਰੀਆਂ ਕਰ ਦਿੱਤੀਆਂ ਸਨ। ਇਸ ਪ੍ਰੋਜੈਕਟ ਲਈ 8.72 ਏਕੜ ਜ਼ਮੀਨ ਅਲਾਟ ਕੀਤੀ ਗਈ ਸੀ, 50 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਮਨਜ਼ੂਰ ਕੀਤੀ ਗਈ ਸੀ ਅਤੇ ਸਾਰੇ ਟੈਂਡਰ ਵੀ ਪਾਸ ਕਰ ਦਿੱਤੇ ਗਏ ਸਨ। ਸਰਕਾਰ ਬਦਲਣ ਤੋਂ ਬਾਅਦ ਲੋਕਾਂ ਨੂੰ ਉਮੀਦ ਸੀ ਕਿ ਕੰਮ ਹੋਰ ਤੇਜ਼ੀ ਨਾਲ ਅੱਗੇ ਵਧੇਗਾ, ਪਰ ਆਮ ਆਦਮੀ ਪਾਰਟੀ ਨੇ ਇਸ ਪ੍ਰੋਜੈਕਟ ਨੂੰ ਪੂਰੀ ਤਰ੍ਹਾਂ ਠੰਢੇ ਬਸਤੇ ਵਿੱਚ ਪਾ ਦਿੱਤਾ।

ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਧ ਦੁਖਦਾਈ ਗੱਲ ਇਹ ਹੈ ਕਿ ਕਾਂਗਰਸ ਸਰਕਾਰ ਵੱਲੋਂ ਲਗਾਇਆ ਗਿਆ ਨੀਂਹ ਪੱਥਰ ਵੀ ਪੁੱਟ ਕੇ ਸੁੱਟ ਦਿੱਤਾ ਗਿਆ। ਸਿੱਧੂ ਨੇ ਕਿਹਾ ਕਿ ਇਹ ਕਿਸੇ ਇੱਕ ਪਾਰਟੀ ਦਾ ਨਹੀਂ, ਸਗੋਂ ਮੋਹਾਲੀ ਦੇ ਲੋਕਾਂ ਦੀਆਂ ਉਮੀਦਾਂ ਅਤੇ ਵਿਕਾਸ ਦਾ ਅਪਮਾਨ ਹੈ। ਜਿਹੜੀ ਸਰਕਾਰ ਆਪਣੀ ਰਾਜਨੀਤਿਕ ਸੋਚ ਕਰਕੇ ਲੋਕ ਭਲਾਈ ਦੇ ਪ੍ਰੋਜੈਕਟਾਂ ਨੂੰ ਰੋਕ ਦੇਵੇ, ਉਹ ਲੋਕਾਂ ਦੇ ਹਿੱਤਾਂ ਦੀ ਨਹੀਂ, ਸਿਰਫ਼ ਸਿਆਸੀ ਬਦਲੇ ਦੀ ਰਾਜਨੀਤੀ ਕਰ ਰਹੀ ਹੈ।

ਸਿੱਧੂ ਨੇ ਵਿਧਾਇਕ ਕੁਲਵੰਤ ਸਿੰਘ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਮੋਹਾਲੀ ਨੂੰ ਨਵੇਂ ਵਿਕਾਸੀ ਪ੍ਰੋਜੈਕਟ ਦੇਣ ਦੀਆਂ ਗੱਲਾਂ ਕਰਨ ਵਾਲੇ ਅੱਜ ਇਹ ਦੱਸਣ ਕਿ ਕਾਂਗਰਸ ਸਰਕਾਰ ਦੇ ਸਮੇਂ ਸ਼ੁਰੂ ਕੀਤੇ ਗਏ ਪ੍ਰੋਜੈਕਟ ਅਜੇ ਤੱਕ ਕਿਉਂ ਅਧੂਰੇ ਪਏ ਹਨ। ਨਵੇਂ ਕੰਮ ਸ਼ੁਰੂ ਕਰਨਾ ਤਾਂ ਦੂਰ ਦੀ ਗੱਲ, ਪਹਿਲਾਂ ਤੋਂ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਨੂੰ ਵੀ ਪੂਰਾ ਨਹੀਂ ਕੀਤਾ ਗਿਆ।

ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ 10 ਲੱਖ ਰੁਪਏ ਦੇ ਇਲਾਜ ਦਾ ਕਾਰਡ ਸਿਰਫ਼ ਪ੍ਰਚਾਰ ਦਾ ਸਾਧਨ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਨਿੱਜੀ ਹਸਪਤਾਲਾਂ ਵਿੱਚ ਇਹ ਕਾਰਡ ਨਹੀਂ ਚੱਲ ਰਿਹਾ, ਜਿਸ ਕਾਰਨ ਲੋਕ ਇਲਾਜ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਹੂਲਤਾਂ ਨਹੀਂ, ਸਿਰਫ਼ ਝੂਠੇ ਵਾਅਦੇ ਅਤੇ ਨਿਰਾਸ਼ਾ ਮਿਲ ਰਹੀ ਹੈ।

ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਨਾਲ ਜੁੜੇ ਪ੍ਰੋਜੈਕਟਾਂ ਨੂੰ ਰੋਕਣਾ ਸਿੱਧੇ ਤੌਰ ‘ਤੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੈ। ਜੇ ਇਹ ਹਸਪਤਾਲ ਸਮੇਂ ਸਿਰ ਬਣ ਜਾਂਦਾ ਤਾਂ ਹਜ਼ਾਰਾਂ ਮਰੀਜ਼ਾਂ ਨੂੰ ਆਧੁਨਿਕ ਇਲਾਜ ਦੀ ਸਹੂਲਤ ਮਿਲਦੀ। ਪਰ ਆਮ ਆਦਮੀ ਪਾਰਟੀ ਨੇ ਵਿਕਾਸ ਦੀ ਥਾਂ ਸਿਰਫ਼ ਇਸ਼ਤਿਹਾਰਬਾਜ਼ੀ ਨੂੰ ਤਰਜੀਹ ਦਿੱਤੀ।

ਸਿੱਧੂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦਾ ਪੂਰਾ ਕਾਰਜਕਾਲ ਸਿਰਫ਼ ਵਾਅਦਿਆਂ ਅਤੇ ਪ੍ਰਚਾਰ ਤੱਕ ਹੀ ਸੀਮਤ ਰਿਹਾ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਸੂਬੇ ਦੇ ਕਈ ਮਹੱਤਵਪੂਰਨ ਵਿਕਾਸੀ ਕੰਮ ਅੱਜ ਵੀ ਅਧੂਰੇ ਪਏ ਹਨ। ਲੋਕਾਂ ਨੂੰ ਬਿਹਤਰ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚਾ ਦੇਣ ਦੀ ਥਾਂ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਵਿੱਚ ਲੱਗੀ ਹੋਈ ਹੈ।

ਸਿੱਧੂ ਨੇ ਕਿਹਾ ਕਿ ‘AAP ਦੀ ਸਿਹਤ ਦਾ Reality Check’ ਮੁਹਿੰਮ ਤਹਿਤ ਉਹ ਪੰਜਾਬ ਦੇ ਹਰ ਜ਼ਿਲ੍ਹੇ ਦਾ ਦੌਰਾ ਕਰਨਗੇ ਅਤੇ ਸਰਕਾਰੀ ਹਸਪਤਾਲਾਂ ਦੀ ਅਸਲ ਹਾਲਤ ਲੋਕਾਂ ਸਾਹਮਣੇ ਲਿਆਉਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਿਹਤ ਸਹੂਲਤਾਂ ਦਾ ਵਾਅਦਾ ਆਮ ਆਦਮੀ ਪਾਰਟੀ ਨੇ ਕੀਤਾ ਸੀ, ਉਨ੍ਹਾਂ ਵਿੱਚੋਂ ਬਹੁਤੀਆਂ ਅੱਜ ਵੀ ਲੋਕਾਂ ਨੂੰ ਨਹੀਂ ਮਿਲ ਰਹੀਆਂ। ਕਈ ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ, ਦਵਾਈਆਂ, ਮੈਡੀਕਲ ਉਪਕਰਨਾਂ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਹੈ, ਜਦਕਿ ਕਈ ਮਹੱਤਵਪੂਰਨ ਸਿਹਤ ਪ੍ਰੋਜੈਕਟ ਅੱਜ ਵੀ ਅਧੂਰੇ ਪਏ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਰਾਹੀਂ ਹਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਦੀ ਜ਼ਮੀਨੀ ਹਕੀਕਤ, ਅਧੂਰੇ ਪ੍ਰੋਜੈਕਟਾਂ ਅਤੇ ਸਿਹਤ ਸੇਵਾਵਾਂ ਦੀਆਂ ਕਮੀਆਂ ਨੂੰ ਸਬੂਤਾਂ ਸਮੇਤ ਲੋਕਾਂ ਦੇ ਸਾਹਮਣੇ ਰੱਖਿਆ ਜਾਵੇਗਾ, ਤਾਂ ਜੋ ਪੰਜਾਬ ਸਰਕਾਰ ਦੇ ਦਾਅਵਿਆਂ ਅਤੇ ਅਸਲੀਅਤ ਵਿਚਲਾ ਫ਼ਰਕ ਸੂਬੇ ਦੇ ਲੋਕਾਂ ਤੱਕ ਪਹੁੰਚ ਸਕੇ।

ਅੰਤ ਵਿੱਚ ਬਲਬੀਰ ਸਿੰਘ ਸਿੱਧੂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਮੋਹਾਲੀ ਦੇ ਲੋਕਾਂ ਨਾਲ ਹੋ ਰਹੇ ਇਸ ਅਨਿਆਏ ਨੂੰ ਤੁਰੰਤ ਖਤਮ ਕੀਤਾ ਜਾਵੇ, ਸਾਹਿਬਜ਼ਾਦਾ ਅਜੀਤ ਸਿੰਘ ਸਿਵਲ ਹਸਪਤਾਲ ਦੇ ਨਿਰਮਾਣ ਦਾ ਕੰਮ ਬਿਨਾਂ ਹੋਰ ਦੇਰੀ ਸ਼ੁਰੂ ਕੀਤਾ ਜਾਵੇ ਅਤੇ ਕਾਂਗਰਸ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਸਾਰੇ ਅਧੂਰੇ ਵਿਕਾਸੀ ਪ੍ਰੋਜੈਕਟ ਜਲਦ ਤੋਂ ਜਲਦ ਮੁਕੰਮਲ ਕੀਤੇ ਜਾਣ।