ਮੋਹਾਲੀ ਦੇ ਫੇਜ਼-11 ‘ਚ ਕੂੜੇ ਦੇ ਡੰਪ ਦੀ ਸਮੱਸਿਆ ਨੂੰ ਲੈ ਕੇ ਵਸਨੀਕਾਂ ‘ਚ ਰੋਸ; ਚੇਤਨਾ ਮਾਰਚ ਕੱਢਣ ਦਾ ਐਲਾਨ

Top Trending News ਪੰਜਾਬ

 

ਮੋਹਾਲੀ ਦੇ ਫੇਜ਼-11 ‘ਚ ਕੂੜੇ ਦੇ ਡੰਪ ਦੀ ਸਮੱਸਿਆ ਨੂੰ ਲੈ ਕੇ ਵਸਨੀਕਾਂ ‘ਚ ਰੋਸ; ਚੇਤਨਾ ਮਾਰਚ ਕੱਢਣ ਦਾ ਐਲਾਨ

ਮੋਹਾਲੀ, 12 ਅਗਸਤ 2026:

ਫੇਜ਼-11, ਮੋਹਾਲੀ ਦੇ ਵਸਨੀਕਾਂ ਵੱਲੋਂ ਇਲਾਕੇ ਵਿੱਚ ਬਣੇ ਕੂੜੇ ਦੇ ਡੰਪ ਦੀ ਸਮੱਸਿਆ ਨੂੰ ਲੈ ਕੇ ਮੀਟਿੰਗ ਕੀਤੀ ਗਈ। ਵਸਨੀਕਾਂ ਨੇ ਦੱਸਿਆ ਕਿ ਡੰਪ ’ਤੇ ਲੰਬੇ ਸਮੇਂ ਤੋਂ ਕੂੜਾ ਇਕੱਠਾ ਹੋਣ ਕਾਰਨ ਇਲਾਕੇ ਵਿੱਚ ਬਦਬੂ, ਗੰਦਗੀ, ਮੱਖੀਆਂ ਅਤੇ ਮੱਛਰਾਂ ਦੀ ਸਮੱਸਿਆ ਪੈਦਾ ਹੋ ਰਹੀ ਹੈ, ਜਿਸ ਕਾਰਨ ਨੇੜਲੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਸਨੀਕਾਂ ਨੇ ਮੰਗ ਕੀਤੀ ਕਿ ਕੂੜੇ ਦੇ ਇਸ ਡੰਪ ਨੂੰ ਤੁਰੰਤ ਅਤੇ ਸਥਾਈ ਤੌਰ ’ਤੇ ਹਟਾਇਆ ਜਾਵੇ ਅਤੇ ਇੱਥੇ ਦੁਬਾਰਾ ਕੂੜਾ ਸੁੱਟਣ ’ਤੇ ਰੋਕ ਲਗਾਈ ਜਾਵੇ। ਇਸ ਦੇ ਨਾਲ ਹੀ ਡੰਪ ਵਾਲੀ ਜਗ੍ਹਾ ਦੀ ਪੂਰੀ ਤਰ੍ਹਾਂ ਸਫ਼ਾਈ ਅਤੇ ਸੈਨੇਟਾਈਜ਼ੇਸ਼ਨ ਕਰਵਾਉਣ ਦੀ ਮੰਗ ਕੀਤੀ ਗਈ।

ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਮਾਮਲੇ ਸਬੰਧੀ ਸਰਕਾਰ ਨੂੰ 10 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ। ਇਸ ਦੌਰਾਨ ਮੋਹਾਲੀ ਦੇ MLA ਸਾਹਿਬ ਨੂੰ ਮਿਲ ਕੇ ਕੂੜੇ ਦੇ ਡੰਪ ਕਾਰਨ ਪੈਦਾ ਹੋ ਰਹੀ ਸਮੱਸਿਆ ਅਤੇ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਜਾਵੇਗਾ।

ਇਸ ਮੌਕੇ ਵਾਤਾਵਰਨ ਸੰਭਾਲ ਕਮੇਟੀ ਦੇ ਕੋਰ ਕਮੇਟੀ ਮੈਬਰਾਂ ਦੀ ਮੀਟਿੰਗ ਹੋਈ, ਜਿਸ ਵਿਚ ਸਾਂਝੇ ਤੌਰ ‘ਤੇ ਮਿਤੀ 16-08-2026 ਨੂੰ ਕੂੜੇ ਦੇ ਡੰਪ ਖਿਲਾਫ ਇਕ ਚੇਤਨਾ ਮਾਰਚ (ਰੈਲੀ) ਫੇਜ਼ 11 ਵਿਚ ਕੱਢਣ ਦਾ ਫੈਸਲਾ ਕੀਤਾ ਗਿਆ। ਵਸਨੀਕਾਂ ਵੱਲੋਂ ਫੈਸਲਾ ਕੀਤਾ ਗਿਆ ਕਿ 16 ਅਗਸਤ 2026 ਨੂੰ ਅਸੀਂ “ਵਾਤਾਵਰਣ ਬਚਾਓ ਰੈਲੀ” ਕੱਢਾਂਗੇ। ਇਹ ਰੈਲੀ ਸ਼ਾਮ 4:00 ਵਜੇ Neighborhood Park ਤੋਂ ਸ਼ੁਰੂ ਕੀਤੀ ਜਾਵੇਗੀ। ਰੈਲੀ ਰਾਹੀਂ ਪ੍ਰਸ਼ਾਸਨ ਅਤੇ ਸਰਕਾਰ ਤੱਕ ਇਲਾਕਾ ਵਾਸੀਆਂ ਦੀ ਇਹ ਮੰਗ ਪਹੁੰਚਾਈ ਜਾਵੇਗੀ ਕਿ ਫੇਜ਼-11 ਵਿੱਚੋਂ ਕੂੜੇ ਦਾ ਡੰਪ ਸਥਾਈ ਤੌਰ ’ਤੇ ਹਟਾਇਆ ਜਾਵੇ।

ਵਸਨੀਕਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਵਾਤਾਵਰਣ ਬਚਾਓ ਰੈਲੀ ਵਿੱਚ ਸ਼ਾਮਲ ਹੋਣ ਅਤੇ ਸਾਫ਼-ਸੁਥਰੇ ਅਤੇ ਪ੍ਰਦੂਸ਼ਣ-ਮੁਕਤ ਵਾਤਾਵਰਣ ਲਈ ਆਪਣਾ ਸਹਿਯੋਗ ਦੇਣ। ਵਸਨੀਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ 10 ਦਿਨਾਂ ਦੇ ਅੰਦਰ ਕੂੜੇ ਦਾ ਡੰਪ ਨਹੀਂ ਹਟਾਇਆ ਗਿਆ, ਤਾਂ ਇਲਾਕਾ ਵਾਸੀਆਂ ਵੱਲੋਂ ਅਗਲੀ ਰਣਨੀਤੀ ਤੈਅ ਕਰਕੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ MC ਅਮਰਜੀਤ ਸਿੰਘ, ਸਾਬਕਾ MC ਕੁਲਵੰਤ ਸਿੰਘ ਕਲੇਰ, ਪਵਨਜੀਤ ਸਿੰਘ ਭੰਗੂ, ਬਖਸ਼ਿਸ਼ ਸਿੰਘ, ਅਮਰਜੀਤ ਸਿੰਘ ਕੰਬਾਲੀ, ਗਿਆਨ ਸਿੰਘ ਧਰਮਗੜ੍ਹ. ਓਂਕਾਰ ਸਿੰਘ, ਗੁਰਮੇਲ ਸਿੰਘ ਮੌਜੇਵਾਲ, ਸੰਜੂ ਸ਼ਰਮਾ, ਧੀਰਜ ਗੋਇਲ, ਗੁਰਨਾਮ ਸਿੰਘ ਗਿੱਲ, ਬਿਕਰਮ ਸੈਣੀ, ਸੁਮਨਦੀਪ ਸਿੰਘ, ਹਰਪਾਲ ਸਿੰਘ, ਬਹਾਦਰ ਸਿੰਘ ਸ਼ਾਮਲ ਹੋਏ।