- ਜਨਰਲ ਵਰਗ ਆਮ ਆਦਮੀ ਪਾਰਟੀ ਦੀ ਹਾਰ ਦਾ ਮੁੱਖ ਕਾਰਣ ਬਣੇਗਾ: ਫ਼ੈਡਰੇਸ਼ਨ
- ਆਮ ਆਦਮੀ ਪਾਰਟੀ ਦੀਆਂ ਜਨਰਲ ਵਰਗ ਵਿਰੋਧੀ ਨੀਤੀਆਂ ਤੋਂ ਜਨਰਲ ਵਰਗ ਔਖਾ
ਐਸ.ਏ.ਐਸ ਨਗਰ 12 ਅਗਸਤ (ਦੇਸ਼ ਕਲਿੱਕ ਬਿਊਰੋ) – ਜਨਰਲ ਕੈਟਾਗਿਰੀ ਵੈਲਫ਼ੇਅਰ ਫ਼ੈਡਰੇਸ਼ਨ ਪੰਜਾਬ ਦੇ ਆਗੂਆਂ ਸੁਖਬੀਰ ਸਿੰਘ, ਜਸਵੀਰ ਸਿੰਘ ਗੜਾਂਗ, ਦਿਲਬਾਗ ਸਿੰਘ, ਹਰਚੰਦ ਸਿੰਘ, ਕੋਮਲ ਸ਼ਰਮਾ, ਜਸਵੰਤ ਸਿੰਘ ਬਰਾੜ, ਅਮਰਜੀਤ ਸਿੰਘ ਗੋਂਦਾਰਾ, ਵਰਿੰਦਰ ਸਿੰਘ ਸੰਧੂ ਅਤੇ ਗੁਰਨੈਬ ਸਿੰਘ ਬਰਾੜ ਨੇ ਕਿਹਾ ਹੈ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਰਮਨਾਕ ਹਾਰ ਹੋਵੇਗੀ। ਫ਼ੈਡਰੇਸ਼ਨ ਨੇ ਕਿਹਾ ਹੈ ਕਿ ਇਸ ਸਮੇਂ ਸਮੁੱਚਾ ਜਨਰਲ ਵਰਗ ਆਮ ਆਦਮੀ ਪਾਰਟੀ ਦੀਆਂ ਜਨਰਲ ਵਰਗ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕਾ ਹੈ, ਤੇ ਉਹ ਆਪਣਾ ਗੁੱਸਾ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਰਗਟ ਕਰੇਗਾ।
ਬੁਲਾਰਿਆ ਨੇ ਕਿਹਾ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਆਮ ਆਦਮੀ ਪਾਰਟੀ ਜਨਰਲ ਵਰਗ ਨੂੰ ਅੱਖੋਂ ਪਰੋਖੇ ਕਰ ਰਹੀ ਹੈ। ਕਈ ਵਾਰ ਕਹਿਣ ਦੇ ਬਾਵਜੂਦ ਵੀਂ ਜਨਰਲ ਵਰਗ ਦੀਆਂ ਸਮੱਸਿਆਵਾਂ ਦੱਸਣ ਲਈ ਫ਼ੈਡਰੇਸ਼ਨ ਨੂੰ ਮੀਟਿੰਗ ਲਈ ਟਾਈਮ ਨਹੀ ਦਿੱਤਾ ਜਾ ਰਿਹਾ। ਇਸ ਲਈ ਅਰਵਿੰਦ ਕੇਜਰੀਵਾਲ ,ਭਗਵੰਤ ਸਿੰਘ ਮਾਨ, ਮਨੀਸ਼ ਸਿਸੋਦੀਆਂ, ਅਮਨ ਅਰੋੜਾ ਅਤੇ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਸਿੱਧੇ ਤੌਰ ਤੇ ਜਿੰਮੇਵਾਰ ਹੈ। ਫ਼ੈਡਰੇਸ਼ਨ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨਹੀ ਚਾਹੁੰਦੇ ਕਿ 2021 ਵਿਚ ਬਣਿਆ ਦਾ ਕਮਿਸ਼ਨ ਫ਼ਾਰ ਜਨਰਲ ਕੈਟਾਗਿਰੀ ਪੰਜਾਬ ਕੰਮ ਕਰੇ।
ਇਸ ਕਰਕੇ ਜਨਰਲ ਵਰਗ ਦੀ ਮੰਗ ਦੇ ਬਾਵਜੂਦ ਵੀਂ ਇਸ ਕਮਿਸ਼ਨ ਨੂੰ ਕੰਮ ਨਹੀ ਕਰਨ ਦਿੱਤਾ ਜਾ ਰਿਹਾ। ਜੋ ਕਿ ਆਮ ਆਦਮੀ ਪਾਰਟੀ ਦੀ ਜਨਰਲ ਵਰਗ ਵਿਰੋਧੀ ਨੀਤੀ ਦਾ ਸਪੱਸਟ ਸਬੂਤ ਹੈ। ਮਜੂਦਾ ਸਮੇਂ ਵਿਚ ਜਨਰਲ ਵਰਗ ਕੋਲ ਕੋਈ ਵੀਂ ਅਜਿਹਾ ਪਲੇਟ ਫ਼ਾਰਮ ਨਹੀ ਹੈ। ਜਿਹੜਾ ਜਨਰਲ ਵਰਗ ਨਾਲ ਹੋ ਰਹੀਆਂ ਵਧੀਕੀਆਂ ਦੀ ਗੱਲ ਸੁਣ ਸਕੇ ਅਤੇ ਉਨ੍ਹਾਂ ਨੂੰ ਇਨਸਾਫ਼ ਦੇ ਸਕੇ। ਜਦੋਂਕਿ ਦੂਸਰੇ ਪਾਸੇ ਹੋਰ ਵਰਗਾਂ ਕੋਲ ਨਾ ਕੇਵਲ ਆਪਣੇ ਕਮਿਸ਼ਨ ਮਜੂਦ ਹਨ ਬਲਕਿ ਵੱਖਰਾਂ ਮੰਤਰਾਲਾ ਅਤੇ ਭਲਾਈ ਬੋਰਡ ਵੀਂ ਬਣੇ ਹੋਏ ਹਨ। ਇਸ ਤੋਂ ਬਿਨ੍ਹਾਂ ਇਸ ਸਰਕਾਰ ਦੀਆਂ ਸਾਰੀਆਂ ਸਕੀਮਾਂ ਵਿਚ ਹੀ ਜਨਰਲ ਵਰਗ ਨਾਲ ਵਿਤਕਰੇਬਾਜੀ ਕੀਤੀ ਜਾ ਰਹੀ ਹੈ।
ਜਿਵੇਂ ਕਿ ਬਿਜਲੀ ਮੁਆਫ਼ੀ ਸਮੇਂ, ਮਾਵਾਂ ਧੀਆਂ ਯੋਜਨਾ ਤਹਿਤ ਪੈਸੇ ਦਿੰਦੇ ਸਮੇਂ ਅਤੇ ਮੁੱਖ ਮੰਤਰੀ ਵਜੀਫ਼ਾ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਵਿਤੀ ਸਹਾਇਤਾ ਦਿੰਦੇ ਸਮੇਂ ਵਿਤਕਰੇਬਾਜੀ ਕੀਤੀ ਜਾਂਦੀ ਹੈ। ਅਜਿਹੇ ਮਹੌਲ ਵਿਚ ਜਨਰਲ ਵਰਗ ਦੇ ਵਿਦਿਆਰਥੀ, ਮੁਲਾਜਮ, ਕਿਸਾਨ, ਦੁਕਾਨਦਾਰ, ਵਿਉਪਾਰੀ, ਅਤੇ ਆਮ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਫ਼ੈਡਰੇਸ਼ਨ ਨੇ ਫ਼ੈਸਲਾ ਕੀਤਾ ਹੈ ਕਿ ਅਜਿਹੀ ਜਨਰਲ ਵਰਗ ਵਿਰੋਧੀ ਸਰਕਾਰ ਦਾ ਬਕਾਇਦਾ ਪ੍ਰੋਗਰਾਮ ਬਣਾ ਕੇ 2027 ਦੀਆਂ ਵਿਧਾਨ ਸਭਾ ਚੋਣਾ ਵਿਚ ਜਬਰਦਸਤ ਵਿਰੋਧ ਕੀਤਾ ਜਾਵੇਗਾ।



