ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਦੀ ਮੌਤ ਮਾਮਲਾ: ਸਕੂਲ ਸਟਾਫ਼ ਵੱਲੋਂ ਇਨਸਾਫ਼ ਦੀ ਗੁਹਾਰ

Top Trending News ਪੰਜਾਬ
  • ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਦੀ ਮੌਤ ਮਾਮਲਾ: ਸਕੂਲ ਸਟਾਫ਼ ਵੱਲੋਂ ਇਨਸਾਫ਼ ਦੀ ਗੁਹਾਰ

ਮੋਹਾਲੀ, 12 ਅਗਸਤ 2026 (ਦੇਸ਼ ਕਲਿੱਕ ਬਿਊਰੋ): ਪਿਛਲੇ ਦਿਨੀਂ ਸਰਕਾਰੀ ਹਾਈ ਸਕੂਲ ਕੁੰਭੜਾ (ਮੋਹਾਲੀ) ਦੇ ਮੁੱਖ ਅਧਿਆਪਕ ਗੁਰਸੇਵਕ ਸਿੰਘ ’ਤੇ ਹੋਏ ਜਾਨਲੇਵਾ ਹਮਲੇ ਦੌਰਾਨ ਉਨ੍ਹਾਂ ਦੀ ਮੌਤ ਹੋ ਜਾਣ ਦੀ ਖ਼ਬਰ ਨਾਲ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਸਮੁੱਚੇ ਸਿੱਖਿਆ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ।

ਕੋਈ ਸਮਾਂ ਸੀ ਜਦੋਂ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਸੀ ਅਤੇ ਸਮੁੱਚੇ ਸਮਾਜ ਨੂੰ ਅਧਿਆਪਕ ਕੋਲੋਂ ਸਹੀ ਸੇਧ ਮਿਲਦੀ ਸੀ, ਪਰ ਅੱਜ ਜਦੋਂ ਇੱਕ ਇਮਾਨਦਾਰ, ਕੁਸ਼ਲ ਪ੍ਰਸ਼ਾਸਕ, ਵਿਦਵਾਨ ਅਧਿਆਪਕ ਅਤੇ ਵਿਦਿਆਰਥੀਆਂ ਦੇ ਮਸੀਹਾ ਸਤਿਕਾਰਯੋਗ ਸਕੂਲ ਮੁਖੀ ਸ੍ਰੀ ਗੁਰਸੇਵਕ ਸਿੰਘ ਦਾ ਸ਼ਰੇਆਮ ਦਿਨ ਦਿਹਾੜੇ ਕਤਲ ਹੋ ਜਾਵੇ ਤਾਂ ਇਹ ਅਜੋਕਾ ਸਮਾਜ ਕਿੱਧਰ ਜਾ ਰਿਹਾ ਹੈ ਇਸਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਨਮ ਅੱਖਾਂ ਨਾਲ ਸਮੁੱਚੇ ਸਕੂਲ ਸਟਾਫ਼ ਕੁੰਭੜਾ ਨੇ ਕੀਤਾ।

ਜ਼ਿਕਰਯੋਗ ਹੈ ਕਿ ਸਕੂਲ ਮੁਖੀ ਸ. ਗੁਰਸੇਵਕ ਸਿੰਘ ਨੂੰ 5 ਅਗਸਤ, 2026 ਨੂੰ ਉਹਨਾਂ ਦੇ ਘਰ ਦੇ ਅੱਗੇ ਕੁਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਬੜੀ ਬੇ-ਰਹਿਮੀ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ ਜੋ ਕਿ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਜ਼ੇਰੇ ਇਲਾਜ ਦੌਰਾਨ ਦਮ ਤੋੜ ਗਏ। ਸਮੁੱਚੇ ਜ਼ਿਲ੍ਹਾ ਸ.ਅ.ਸ. ਨਗਰ ਅਤੇ ਪੰਜਾਬ ਅੰਦਰ ਇਸ ਘਟਨਾ ਪ੍ਰਤੀ ਬਹੁਤ ਵੱਡੇ ਪੱਧਰ ‘ਤੇ ਰੋਸ ਤੇ ਸਹਿਮ ਪਾਇਆ ਜਾ ਰਿਹਾ ਹੈ।

ਸਮੁੱਚੇ ਸ.ਹ.ਸ. ਕੁੰਭੜਾ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਨਿੱਜੀ ਪੱਧਰ ‘ਤੇ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀਂ, ਡੀ.ਜੀ.ਪੀ. ਪੰਜਾਬ ਕੋਲੋਂ ਮੰਗ ਕੀਤੀ ਕਿ ਸ੍ਰੀ ਗੁਰਸੇਵਕ ਸਿੰਘ ਦੇ ਪਰਿਵਾਰ ਨੂੰ ਜਲਦ ਤੋਂ ਜਲਦ ਇਨਸਾਫ਼ ਦਿਵਾਇਆ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਮਿਲਣਾ ਅਤੇ ਘਟਨਾ ਦੀ ਅਸਲ ਸੱਚਾਈ ਸਾਹਮਣੇ ਆਉਣਾ ਬੇਹੱਦ ਜ਼ਰੂਰੀ ਹੈ।