- ਕਿਰਤੀ ਕਿਸਾਨ ਯੂਨੀਅਨ 17-18 ਅਗਸਤ ਨੂੰ ਸੰਗੋਜਲਾ ਕਪੂਰਥਲਾ ਵਿਖੇ ਕਰੇਗੀ ਆਪਣਾ ਸੂਬਾਈ ਇਜਲਾਸ
- ਬਲਾਕ ਅਤੇ ਜਿਲ੍ਹਾ ਇਜਲਾਸਾਂ ਦਾ ਅਮਲ ਜਾਰੀ-ਚੁਣੇ ਹੋਏ 300 ਤੋਂ ਉੱਪਰ ਡੈਲੀਗੇਟ ਸੂਬਾ ਇਜਲਾਸ ਵਿੱਚ ਕਰਨਗੇ ਸ਼ਮੂਲੀਅਤ
- ਸੰਯੁਕਤ ਕਿਸਾਨ ਮੋਰਚਾ ਵਲੋਂ ਇੱਕ ਸਤੰਬਰ ਤੋਂ ਚੰਡੀਗੜ੍ਹ ਵਿਖੇ ਲੱਗਣ ਵਾਲੇ ਮੋਰਚੇ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਕੌਮੀ ਇਨਸਾਫ ਮੋਰਚੇ ਦੇ 15 ਅਗਸਤ ਦੇ ਸੱਦੇ ਦੀ ਹਮਾਇਤ ਕਰਨ ਦਾ ਫੈਸਲਾ
ਦਲਜੀਤ ਕੌਰ
ਚੰਡੀਗੜ੍ਹ, 13 ਅਗਸਤ, 2026: ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਨੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੰਗੋਜਲਾ ਦੇ ਵਾਈਟ ਕੈਸਲ ਪੈਲਸ ਵਿਖੇ 17-18 ਅਗਸਤ ਨੂੰ ਦੋ ਰੋਜ਼ਾ ਸੂਬਾਈ ਇਜਲਾਸ ਕਰਨ ਦਾ ਫੈਸਲਾ ਕੀਤਾ ਹੈ। ਇਜਲਾਸ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ ਚੁਣੇ ਹੋਏ 300 ਤੋਂ ਉੱਪਰ ਡੈਲੀਗੇਟ ਖੇਤੀ ਖੇਤਰ ਉੱਤੇ ਦੇਸੀ ਵਿਦੇਸ਼ੀ ਕਾਰਪੋਰੇਟ ਦੇ ਹਮਲੇ ਵਿਰੁੱਧ ਅਤੇ ਸੂਬੇ ਨੂੰ ਦਰਪੇਸ਼ ਪਾਣੀ ਦੇ ਸ਼ੰਕਟ ਦੇ ਹੱਲ ਲਈ ਸੰਘਰਸ਼ ਨੂੰ ਤੇਜ਼ ਕਰਨ ਸਬੰਧੀ ਵਿਚਾਰ ਵਟਾਂਦਰਾ ਕਰਕੇ ਭਵਿੱਖ ਦੀ ਕਾਰਜਯੋਜਨਾ ਉਲੀਕਣਗੇ। ਇਜਲਾਸ ਵਿੱਚ ਜੱਥੇਬੰਦੀ ਦੀ ਸੂਬਾਈ ਲੀਡਰਸ਼ਿਪ ਦੀ ਚੋਣ ਕਰਨ ਦੇ ਨਾਲ ਨਾਲ ਕੁਝ ਨੀਤੀ ਮਤੇ ਵੀ ਪਾਸ ਕੀਤੇ ਜਾਣਗੇ। ਉਪਰੋਕਤ ਫੈਸਲੇ ਜੱਥੇਬੰਦੀ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਪ੍ਰਧਾਨਗੀ ਹੇਠ ਹੋਈ ਸੂਬਾਈ ਮੀਟਿੰਗ ਵਿੱਚ ਕੀਤੇ ਗਏ।
ਮੀਟਿੰਗ ਵਿੱਚ ਜੱਥੇਬੰਦੀ ਦੀ ਮੈਂਬਰਸ਼ਿਪ ਮੁਹਿੰਮ ਦਾ ਮੁਲਾਂਕਣ ਕਰਨ ਦੇ ਨਾਲ ਨਾਲ ਪਿੰਡ,ਬਲਾਕ ਅਤੇ ਜਿਲ੍ਹਾ ਇਜਲਾਸਾਂ ਦੀ ਚੱਲ ਰਹੀ ਮੁਹਿੰਮ ਦਾ ਮੁਲਾਂਕਣ ਵੀ ਕੀਤਾ ਗਿਆ।
ਸੰਯੁਕਤ ਕਿਸਾਨ ਮੋਰਚਾ ਵਲੋਂ ਅਮਰੀਕਾ ਨਾਲ ਹੋ ਰਹੇ ਫਰੀ ਟਰੇਡ ਸਮਝੌਤੇ ਵਿਰੁੱਧ, ਪਾਣੀਆਂ ਦੇ ਮਸਲੇ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈਕੇ ਇੱਕ ਸਤੰਬਰ ਤੋਂ ਚੰਡੀਗੜ੍ਹ ਵਿਖੇ ਲਾਏ ਜਾ ਰਹੇ ਮੋਰਚੇ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਵੱਧ ਚੜ ਕੇ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਇਸੇ ਤਰ੍ਹਾਂ ਕੌਮੀ ਇਨਸਾਫ ਮੋਰਚੇ ਵਲੋਂ 15 ਅਗਸਤ ਦੇ ਦਿੱਤੇ ਪ੍ਰੋਗਰਾਮ ਦੀ ਹਮਾਇਤ ਕਰਦੇ ਹੋਏ ਸ਼ਾਮਲ ਹੋਣ ਦਾ ਫੈਸਲਾ ਵੀ ਕੀਤਾ ਗਿਆ।
ਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਪ੍ਰੈਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਸੂਬੇ ਦੇ 16 ਜ਼ਿਲਿਆਂ ਵਿਚ 30 ਹਜ਼ਾਰ ਤੋਂ ਵੱਧ ਮੈਂਬਰਾਂ ਵਲੋਂ ਪਿੰਡ,ਬਲਾਕ ਅਤੇ ਜਿਲ੍ਹਾ ਇਜਲਾਸਾਂ ਰਾਹੀਂ ਚੁਣੇ ਜਾ ਰਹੇ ਸੂਬਾ ਡੈਲੀਗੇਟ 17-18 ਅਗਸਤ ਨੂੰ ਸੰਗੋਜਲਾ ਵਿਖੇ ਇਕੱਠੇ ਹੋਣਗੇ ਜਿਥੇ ਜੱਥੇਬੰਦੀ ਦਾ ਝੰਡਾ ਚੜਾਉਣ ਦੀ ਰਸਮ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਵਲੋਂ ਅਦਾ ਕੀਤੀ ਜਾਵੇਗੀ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਭਵਿੱਖ ਵਿੱਚ ਜੱਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਕਿਸਾਨੀ ਮੰਗਾਂ ਉੱਪਰ ਸੰਘਰਸ਼ ਨੂੰ ਤੇਜ਼ ਕਰਨ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਅਮਰੀਕਾ ਦੇ ਦਬਾਅ ਹੇਠ ਮੋਦੀ ਸਰਕਾਰ ਵਲੋਂ ਕੀਤੇ ਜਾ ਰਹੇ ਫਰੀ ਟਰੇਡ ਸਮਝੌਤੇ ਨੂੰ ਦੇਸ਼ ਦੇ ਕੌਮੀ ਹਿੱਤਾਂ ਲਈ ਘਾਤਕ ਕਰਾਰ ਦਿੰਦਿਆਂ ਕਿਹਾ ਕਿ ਇਸ ਲੋਕ ਅਤੇ ਖੇਤੀ ਵਿਰੋਧੀ ਸਮਝੌਤੇ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਸੂਬੇ ਵਿੱਚ ਹਰ ਖੇਤ ਨੂੰ ਅਤੇ ਹਰ ਘਰ ਨੂੰ ਪੀਣ ਲਈ ਸਾਫ ਨਹਿਰੀ ਪਾਣੀ ਦੇਣ ਦੀ ਮੰਗ ਨੂੰ ਲੈਕੇ ਮੁਹਿੰਮ ਹੋਰ ਭਖਾਈ ਜਾਵੇਗੀ। ਉਨ੍ਹਾਂ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਨੂੰ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਨ ਅਤੇ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79 ਅਤੇ 80 ਨੂੰ ਰੱਦ ਕਰਨ ਦੀ ਮੰਗ ਕੀਤੀ।
ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਹਰਮੇਸ਼ ਢੇਸੀ, ਸਤਬੀਰ ਸਿੰਘ ਸੁਲਤਾਨੀ,ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ,ਯੂਥ ਵਿੰਗ ਕਨਵੀਨਰ ਭੁਪਿੰਦਰ ਸਿੰਘ ਲੌਗੋਵਾਲ, ਸੁਰਿੰਦਰ ਬੈਂਸ, ਸੰਤੋਖ ਸੰਧੂ, ਬਲਵਿੰਦਰ ਭੁੱਲਰ, ਤਰਸੇਮ ਸਿੰਘ ਬੰਨੇਮਲ, ਭੁਪਿੰਦਰ ਵੜੈਚ, ਚਮਕੋਰ ਸਿੰਘ, ਨਛੱਤਰ ਸਿੰਘ ਅਤੇ ਬਲਜੀਤ ਸਿੰਘ ਸ਼ਾਮਿਲ ਸਨ।



