- ਸੀਜੀਸੀ ਲਾਂਡਰਾਂ ਨੇ ‘ਜੀਵਾਂਸ਼’ ਮੁਹਿੰਮ ਰਾਹੀਂ ਵਿੱਢੀ ਅੰਗਦਾਨ ਜਾਗਰੂਕਤਾ ਦੀ ਮੁਹਿੰਮ
ਮੋਹਾਲੀ, 13 ਅਗਸਤ (ਦੇਸ਼ ਕਲਿੱਕ ਬਿਊਰੋ): ਵਿਸ਼ਵ ਅੰਗਦਾਨ ਦਿਵਸ ਨੂੰ ਸਮਰਪਿਤ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵੱਲੋਂ ਅੰਗਦਾਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ‘ਜੀਵਾਂਸ਼—ਲਾਈਫ ਬਿਓਂਡ ਲਾਈਫ’ ਨਾਮਕ ਕਮਿਊਨਿਟੀ ਕੇਂਦਰਿਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸੰਸਥਾ ਦੀ ਇੰਸਟੀਚਿਊਸ਼ਨਲ ਸੋਸ਼ਲ ਰਿਸਪੌਂਸੇਬਿਲਟੀ (ਆਈਐਸਆਰ) ਪਹਿਲਕਦਮੀ ਤਹਿਤ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਉਦੇਸ਼ ਨੌਜਵਾਨਾਂ ਸਮੇਤ ਆਮ ਲੋਕਾਂ ਨੂੰ ਅੰਗਦਾਨ ਬਾਰੇ ਤੱਥ ਆਧਾਰਿਤ ਜਾਣਕਾਰੀ ਦੇਣਾ, ਗਲਤ ਧਾਰਨਾਵਾਂ ਦੂਰ ਕਰਨਾ ਅਤੇ ਇਸ ਵਿਸ਼ੇ ’ਤੇ ਸਾਰਥਕ ਸੰਵਾਦ ਨੂੰ ਉਤਸ਼ਾਹਿਤ ਕਰਨਾ ਹੈ।
ਕੈਂਪਸ ਵਿਖੇ ਕਰਵਾਈ ਪ੍ਰੈੱਸ ਕਾਨਫਰੰਸ ਦੌਰਾਨ ਮੁਹਿੰਮ ਦਾ ਅਧਿਕਾਰਤ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ‘ਜੀਵਾਂਸ਼’ ਦਾ ਲੋਗੋ, ਸੰਚਾਰ ਸਮੱਗਰੀ ਅਤੇ ਆਊਟਰੀਚ ਗਤੀਵਿਧੀਆਂ ਦਾ ਰੋਡਮੈਪ ਵੀ ਪੇਸ਼ ਕੀਤਾ। ਮੁਹਿੰਮ ਤਹਿਤ ਟ੍ਰਾਈਸਿਟੀ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਕੂਲਾਂ, ਕਾਲਜਾਂ, ਜਨਤਕ ਥਾਵਾਂ ਅਤੇ ਸ਼ਹਿਰੀ ਭਾਈਚਾਰਿਆਂ ਤੱਕ ਪਹੁੰਚ ਕਰਕੇ ਅੰਗਦਾਨ ਸਬੰਧੀ ਭਰੋਸੇਯੋਗ ਜਾਣਕਾਰੀ ਦਿੱਤੀ ਜਾਵੇਗੀ।। ਡਿਜ਼ੀਟਲ ਮਾਧਿਅਮਾਂ ਰਾਹੀਂ ਵੀ ਵਿਆਪਕ ਜਾਗਰੂਕਤਾ ਪੈਦਾ ਕੀਤੀ ਜਾਵੇਗੀ।
‘ਜੀਵਾਂਸ਼’ ਵਿਦਿਆਰਥੀਆਂ ਅਤੇ ਫੈਕਲਟੀ ਵੱਲੋਂ ਚਲਾਇਆ ਜਾਣ ਵਾਲਾ ਕਮਿਊਨਿਟੀ ਗਰੁੱਪ ਹੈ। ਇਸ ਤਹਿਤ ਜਾਗਰੂਕਤਾ ਵਰਕਸ਼ਾਪਾਂ, ਸੈਮੀਨਾਰ, ਨਾਟਕੀ ਪੇਸ਼ਕਾਰੀਆਂ, ਜਨਤਕ ਪਹੁੰਚ ਮੁਹਿੰਮਾਂ, ਟ੍ਰਾਂਸਪਲਾਂਟ ਮਾਹਿਰਾਂ ਨਾਲ ਵਿਸ਼ੇਸ਼ ਗੱਲਬਾਤ ਅਤੇ ‘ਮਿੱਥ ਬਨਾਮ ਤੱਥ’ ਸੈਸ਼ਨ ਕਰਵਾਏ ਜਾਣਗੇ। ਹਸਪਤਾਲਾਂ, ਐਨਜੀਓਜ਼ ਅਤੇ ਨਾਗਰਿਕ ਸੰਸਥਾਵਾਂ ਨਾਲ ਸਹਿਯੋਗ ਕਰਕੇ ਮੁਹਿੰਮ ਨੂੰ ਹੋਰ ਵਿਸ਼ਾਲ ਬਣਾਉਣ ਦੀ ਯੋਜਨਾ ਹੈ।
ਇਸ ਮੌਕੇ ਪ੍ਰਸਿੱਧ ਪੰਜਾਬੀ ਅਦਾਕਾਰ ਗੁਰਪ੍ਰੀਤ ਕੌਰ ਭੰਗੂ ਅਤੇ ਮਲਕੀਤ ਰੌਣੀ ਵੀ ਮੌਜੂਦ ਰਹੇ। ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ. ਸਤਨਾਮ ਸਿੰਘ ਸੰਧੂ, ਪ੍ਰਧਾਨ ਸ. ਰਸ਼ਪਾਲ ਸਿੰਘ ਧਾਲੀਵਾਲ, ਵਾਈਸ ਚੇਅਰਮੈਨ ਸ. ਪਰਮਪਾਲ ਸਿੰਘ ਢਿੱਲੋਂ, ਡਾਇਰੈਕਟਰ ਡਾ. ਗਗਨਦੀਪ ਭੁੱਲਰ, ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ ਸਮੇਤ ਫੈਕਲਟੀ, ਵਿਦਿਆਰਥੀ ਅਤੇ ਸਮਾਜਿਕ ਵਰਕਰ ਤੋਂ ਇਲਾਵਾ ਕਈ ਅੰਗਦਾਨੀ ਹਾਜ਼ਰ ਸਨ।
ਇਕ ਸਵਾਲ ਦੇ ਜਵਾਬ ਵਿਚ ਮਾਹਿਰਾਂ ਨੇ ਦੱਸਿਆ ਕਿ ਅੰਗਦਾਨ ਕਰਨਾ ਇਕ ਲੀਗਲ ਪ੍ਰਕਿਰਿਆ ਹੈ ਅਤੇ ਇਸ ਦੌਰਾਨ ਮਰੀਜ਼ ਦੇ ਕਿਸੇ ਹੋਰ ਅੰਗ ਨੂੰ ਬਿਨਾਂ ਆਗਿਆ ਨਹੀਂ ਕੱਢਿਆ ਜਾ ਸਕਦਾ। ਪਹਿਲਾਂ ਤਾਂ ਅਜਿਹਾ ਕੋਈ ਕਰ ਨਹੀਂ ਸਕਦਾ, ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਪੂਰੀ ਤਰ੍ਹਾਂ ਗ਼ੈਰਕਾਨੂੰਨੀ ਹੈ।
‘ਜੀਵਾਂਸ਼’ ਦੇ ਮੈਡੀਕਲ ਐਡਵਾਇਜ਼ਰੀ ਬੋਰਡ ਵਿੱਚ ਡਾ. ਅਮਨਦੀਪ ਸਿੰਘ, ਡਾ. ਮੁਕੇਸ਼ ਚਾਵਲਾ, ਡਾ. ਐਚ.ਐਸ. ਬੇਦੀ, ਡਾ. ਕਸ਼ਿਸ਼ ਦੱਤਾ, ਡਾ. ਅਮਨਦੀਪ ਸਿੰਘ (ਨਿਊਰੋਲੋਜਿਸਟ), ਡਾ. ਜਿਤੇਂਦਰ ਜਿਨਾਗਲ, ਡਾ. ਅਮਿਤ ਸ਼ਰਮਾ ਅਤੇ ਟ੍ਰਾਂਸਪਲਾਂਟ ਕੋਆਰਡੀਨੇਟਰ ਯਸ਼ਪ੍ਰੀਤ ਸ਼ਾਮਲ ਹਨ। ਇਹ ਮਾਹਿਰ ਅੰਗਦਾਨ, ਟ੍ਰਾਂਸਪਲਾਂਟ ਅਤੇ ਸਿਹਤ ਸਬੰਧੀ ਮਾਮਲਿਆਂ ਬਾਰੇ ਭਰੋਸੇਯੋਗ ਮਾਰਗਦਰਸ਼ਨ ਦੇਣਗੇ। ਮਾਹਿਰਾਂ ਨੇ ਦੱਸਿਆ ਕਿ ਪੂਰੇ ਵਿਸ਼ਵ ਵਿਚ ਕਰੀਬ 85% ਤੋਂ 92% ਲੋਕ ਅੰਗਦਾਨ ਕਰਦੇ ਹਨ ਜਦਕਿ ਕੇਵਲ ਭਾਰਤ ਵਿਚ ਹੀ ਲੋਕ 95% ਤੋਂ 98% ਤੱਕ ਅੰਗਦਾਨ ਕਰਦੇ ਹਨ।
ਚੇਅਰਮੈਨ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੰਗਦਾਨ ਨਿਰਸਵਾਰਥ ਮਨੁੱਖੀ ਸੇਵਾ ਦਾ ਉੱਤਮ ਉਦਾਹਰਨ ਹੈ, ਜੋ ਕਈ ਕੀਮਤੀ ਜ਼ਿੰਦਗੀਆਂ ਬਚਾਉਣ ਦੀ ਸਮਰੱਥਾ ਰੱਖਦਾ ਹੈ। ਪ੍ਰਧਾਨ ਸ. ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਿੱਖਿਆ ਸਿਰਫ਼ ਕਲਾਸਰੂਮ ਤੱਕ ਸੀਮਿਤ ਨਹੀਂ ਅਤੇ ਵਿਦਿਆਰਥੀ ਸਮਾਜਿਕ ਬਦਲਾਅ ਦੇ ਪ੍ਰਭਾਵਸ਼ਾਲੀ ਰਾਜਦੂਤ ਬਣ ਸਕਦੇ ਹਨ। ਇਸ ਦੌਰਾਨ ਸੀਜੀਸੀ ਲਾਂਡਰਾਂ ਨੇ ਹਰ ਸਾਲ ‘ਅੰਗਦਾਨ ਜਾਗਰੂਕਤਾ ਹਫ਼ਤਾ’ ਮਨਾਉਣ ਦਾ ਵੀ ਐਲਾਨ ਕੀਤਾ ਹੈ।



