Punjab News: ਨਿੱਜੀ ਹਸਪਤਾਲ ਵਿੱਚ ਭਿਆਨਕ ਅੱਗ, ਅੱਠ ਮਰੀਜ਼ਾਂ ਸਮੇਤ ਸਾਰੇ ਲੋਕ ਸੁਰੱਖਿਅਤ ਬਾਹਰ ਕੱਢੇ

Top Trending News ਪੰਜਾਬ

 

Punjab News: ਨਿੱਜੀ ਹਸਪਤਾਲ ਵਿੱਚ ਭਿਆਨਕ ਅੱਗ, ਅੱਠ ਮਰੀਜ਼ਾਂ ਸਮੇਤ ਸਾਰੇ ਲੋਕ ਸੁਰੱਖਿਅਤ ਬਾਹਰ ਕੱਢੇ

ਤਰਨਤਾਰਨ, 14 ਅਗਸਤ 2026 :

ਸ੍ਰੀ ਗੋਇੰਦਵਾਲ ਸਾਹਿਬ ਬਾਈਪਾਸ ਨੇੜੇ ਸਥਿਤ ਮਿੱਤਲ ਹਸਪਤਾਲ ਵਿੱਚ ਰਾਤ ਕਰੀਬ 9:30 ਵਜੇ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਘਟਨਾ ਸਮੇਂ ਹਸਪਤਾਲ ਅੰਦਰ ਕਰੀਬ ਅੱਠ ਮਰੀਜ਼ ਅਤੇ 12 ਤੋਂ ਵੱਧ ਸੇਵਾਦਾਰ ਤੇ ਕਰਮਚਾਰੀ ਮੌਜੂਦ ਸਨ। ਹਸਪਤਾਲ ਪ੍ਰਬੰਧਨ ਅਤੇ ਸਥਾਨਕ ਲੋਕਾਂ ਦੀ ਤੁਰੰਤ ਕਾਰਵਾਈ ਸਦਕਾ ਸਾਰੇ ਮਰੀਜ਼ਾਂ ਅਤੇ ਹੋਰ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਨ੍ਹਾਂ ਨੂੰ ਬਾਅਦ ਵਿੱਚ ਹੋਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਮਿੱਤਲ ਹਸਪਤਾਲ ਦੋ ਮੰਜ਼ਿਲਾ ਇਮਾਰਤ ਵਿੱਚ ਚੱਲ ਰਿਹਾ ਹੈ, ਜਦਕਿ ਇਸ ਦੀ ਹੇਠਲੀ ਮੰਜ਼ਿਲ ਵਿੱਚ ਵਾਹਨਾਂ ਲਈ ਪਾਰਕਿੰਗ ਦੀ ਸਹੂਲਤ ਹੈ। ਹਸਪਤਾਲ ਦਾ ਸੰਚਾਲਨ ਡਾ. ਸੁਪਰਨਾ ਮਿੱਤਲ ਅਤੇ ਉਨ੍ਹਾਂ ਦੇ ਪਤੀ ਡਾ. ਆਸ਼ੀਸ਼ ਮਿੱਤਲ ਵੱਲੋਂ ਸਾਂਝੇ ਤੌਰ ’ਤੇ ਕੀਤਾ ਜਾਂਦਾ ਹੈ। ਰਾਤ ਕਰੀਬ ਸਾਢੇ 9 ਵਜੇ ਪਹਿਲੀ ਮੰਜ਼ਿਲ ਤੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ ਅਤੇ ਕੁਝ ਹੀ ਸਮੇਂ ਬਾਅਦ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਵੇਖਦੇ ਹੀ ਵੇਖਦੇ ਅੱਗ ਨੇ ਦੋਵੇਂ ਮੰਜ਼ਿਲਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਹਸਪਤਾਲ ਪ੍ਰਬੰਧਨ ਨੇ ਤੁਰੰਤ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਅੱਗ ਬੁਝਾਊ ਵਿਭਾਗ ਨੂੰ ਸੂਚਿਤ ਕੀਤਾ। ਨਗਰ ਕੌਂਸਲ ਦੀਆਂ ਦੋ ਅੱਗ ਬੁਝਾਊ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।

ਅੱਗ ਕਾਰਨ ਹਸਪਤਾਲ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ। ਡਾ. ਆਸ਼ੀਸ਼ ਮਿੱਤਲ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਮਰੀਜ਼ਾਂ, ਸੇਵਾਦਾਰਾਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਸੀ, ਜਿਸ ਵਿੱਚ ਉਹ ਸਫਲ ਰਹੇ। ਉਨ੍ਹਾਂ ਕਿਹਾ ਕਿ ਵਿੱਤੀ ਨੁਕਸਾਨ ਦਾ ਸਹੀ ਅੰਦਾਜ਼ਾ ਜਾਂਚ ਤੋਂ ਬਾਅਦ ਹੀ ਲਗਾਇਆ ਜਾ ਸਕੇਗਾ।