ਪ੍ਰੇਮ ਸਬੰਧਾਂ ਦੇ ਸ਼ੱਕ ’ਚ ਨੌਜਵਾਨ ਦੀ ਕੁੱਟਮਾਰ, ਇਲਾਜ ਦੌਰਾਨ ਮੌਤ; ਪਰਿਵਾਰ ਨੇ ਲਾਏ ਗੰਭੀਰ ਦੋਸ਼

Top Trending News ਪੰਜਾਬ

 

ਪ੍ਰੇਮ ਸਬੰਧਾਂ ਦੇ ਸ਼ੱਕ ’ਚ ਨੌਜਵਾਨ ਦੀ ਕੁੱਟਮਾਰ, ਇਲਾਜ ਦੌਰਾਨ ਮੌਤ; ਪਰਿਵਾਰ ਨੇ ਲਾਏ ਗੰਭੀਰ ਦੋਸ਼

ਪਟਿਆਲਾ, 14 ਅਗਸਤ 2026

ਥਾਣਾ ਸਿਵਲ ਲਾਈਨ ਦੇ ਖੇਤਰ ਵਿੱਚ 10 ਅਗਸਤ ਨੂੰ ਲਾਵਾਰਿਸ ਹਾਲਤ ਵਿੱਚ ਮਿਲੇ ਨੌਜਵਾਨ ਦੀ ਪਛਾਣ ਹੋਣ ਮਗਰੋਂ ਮਾਮਲਾ ਗੰਭੀਰ ਰੂਪ ਧਾਰ ਗਿਆ ਹੈ। ਮ੍ਰਿਤਕ ਦੀ ਪਛਾਣ ਅਫਸਰ ਕਾਲੋਨੀ ਵਾਸੀ ਅਰੁਣ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਪ੍ਰੇਮ ਸਬੰਧਾਂ ਦੇ ਚਲਦਿਆਂ ਅਰੁਣ ਦੀ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਪਰਿਵਾਰ ਅਨੁਸਾਰ, ਗੰਭੀਰ ਹਾਲਤ ਵਿੱਚ ਅਰੁਣ ਨੂੰ ਇੱਕ ਟੈਂਪੂ ਵਿੱਚ ਪਾ ਕੇ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਅਤੇ ਉੱਥੇ ਛੱਡ ਦਿੱਤਾ ਗਿਆ। ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਅਰੁਣ ਦੇ ਲਾਪਤਾ ਹੋਣ ਮਗਰੋਂ ਉਸ ਦੇ ਪਰਿਵਾਰਕ ਮੈਂਬਰ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣਾ ਸਿਵਲ ਲਾਈਨ ਪਹੁੰਚੇ ਸਨ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ 10 ਅਗਸਤ ਨੂੰ ਲਾਵਾਰਿਸ ਹਾਲਤ ਵਿੱਚ ਮਿਲੇ ਮ੍ਰਿਤਕ ਦੀ ਤਸਵੀਰ ਦਿਖਾਈ। ਤਸਵੀਰ ਦੇਖਦਿਆਂ ਹੀ ਪਰਿਵਾਰ ਨੇ ਮ੍ਰਿਤਕ ਦੀ ਪਛਾਣ ਅਰੁਣ ਵਜੋਂ ਕਰ ਲਈ।

ਮ੍ਰਿਤਕ ਦੀ ਭੈਣ ਅੰਜਲੀ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਅਰੁਣ ਦੇ ਇੱਕ ਲੜਕੀ ਨਾਲ ਪ੍ਰੇਮ ਸਬੰਧ ਸਨ ਅਤੇ ਇਸੇ ਕਾਰਨ ਉਸ ਨਾਲ ਕੁੱਟਮਾਰ ਕੀਤੇ ਜਾਣ ਦਾ ਸ਼ੱਕ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਮਾਮਲੇ ਸਬੰਧੀ ਐੱਸ.ਆਈ. ਬੂਟਾ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।