ਪੰਜਾਬ ਦੇ ਕਿਸਾਨਾਂ ਸਿਰ ਨਵਾਂ ਸੰਕਟ! ਯੂਰੀਆ ਤੇ ਡੀਏਪੀ ਦੀ ਘਾਟ ਤੋਂ ਕਿਸਾਨ ਚਿੰਤਤ

Top Trending News ਪੰਜਾਬ

 

ਪੰਜਾਬ ਦੇ ਕਿਸਾਨਾਂ ਸਿਰ ਨਵਾਂ ਸੰਕਟ! ਯੂਰੀਆ ਤੇ ਡੀਏਪੀ ਦੀ ਘਾਟ ਤੋਂ ਕਿਸਾਨ ਚਿੰਤਤ

ਚੰਡੀਗੜ੍ਹ, 14 ਅਗਸਤ 2026

ਜ਼ਿਲ੍ਹਾ ਮੁਹਾਲੀ ਸਮੇਤ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਕਿਸਾਨਾਂ ਨੂੰ ਲੋੜ ਅਨੁਸਾਰ ਯੂਰੀਆ ਖਾਦ ਨਾ ਮਿਲਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਦ ਦੀ ਕਮੀ ਕਾਰਨ ਫ਼ਸਲਾਂ ਦੇ ਝਾੜ ’ਤੇ ਮਾੜਾ ਅਸਰ ਪੈਣ ਦੇ ਖ਼ਦਸ਼ੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਮੁਹਾਲੀ ਇਕਾਈ ਨੇ ਸੂਬਾ ਪ੍ਰੈੱਸ ਸਕੱਤਰ ਮੇਹਰ ਸਿੰਘ ਥੇੜੀ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ।

ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੀ ਹਾੜ੍ਹੀ ਦੀ ਫ਼ਸਲ ਦੌਰਾਨ ਵੀ ਯੂਰੀਆ ਦੀ ਭਾਰੀ ਘਾਟ ਰਹੀ ਸੀ। ਦੇਰ ਨਾਲ ਮਿਲੀ ਖਾਦ ਕਾਰਨ ਫ਼ਸਲਾਂ ਦੇ ਝਾੜ ’ਤੇ ਮਾੜਾ ਪ੍ਰਭਾਵ ਪਿਆ। ਉਨ੍ਹਾਂ ਕਿਹਾ ਕਿ ਹੁਣ ਆਉਣ ਵਾਲੀ ਹਾੜ੍ਹੀ ਦੀ ਬਿਜਾਈ ਤੋਂ ਪਹਿਲਾਂ ਵੀ ਸੁਸਾਇਟੀਆਂ ਅਤੇ ਬਾਜ਼ਾਰਾਂ ਵਿੱਚ ਯੂਰੀਆ ਤੇ ਡੀਏਪੀ ਦੀ ਉਪਲਬਧਤਾ ਯਕੀਨੀ ਨਹੀਂ ਬਣਾਈ ਗਈ।

ਕਿਸਾਨਾਂ ਨੇ ਮੰਗ ਕੀਤੀ ਕਿ ਬਿਜਾਈ ਤੋਂ ਪਹਿਲਾਂ ਡੀਏਪੀ ਅਤੇ ਯੂਰੀਆ ਦਾ ਲੋੜੀਂਦਾ ਭੰਡਾਰ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਖਰੜ, ਮੋਰਿੰਡਾ ਅਤੇ ਕੁਰਾਲੀ ਵਿੱਚ ਖਾਦ ਦੇ ਰੇਲਵੇ ਰੈਕ ਲਗਾਉਣ ਦੀ ਮੰਗ ਕਰਦਿਆਂ ਕਿਹਾ ਕਿ ਰਾਜਪੁਰਾ ਜਾਂ ਰੂਪਨਗਰ ਤੋਂ ਖਾਦ ਲਿਆਉਣ ਕਾਰਨ ਢੋਆ-ਢੁਆਈ ਦਾ ਖ਼ਰਚਾ ਵਧ ਜਾਂਦਾ ਹੈ।

ਇਸ ਤੋਂ ਇਲਾਵਾ ਕਿਸਾਨਾਂ ਨੇ ਖੇਤੀਬਾੜੀ ਅਧਿਕਾਰੀਆਂ ਦੀਆਂ ਡਿਊਟੀਆਂ ਹੋਰ ਵਿਭਾਗਾਂ ਵਿੱਚ ਨਾ ਲਗਾਉਣ ਅਤੇ ਉਨ੍ਹਾਂ ਨੂੰ ਕਿਸਾਨਾਂ ਨੂੰ ਤਕਨੀਕੀ ਅਗਵਾਈ ਦੇਣ ਲਈ ਖੇਤੀਬਾੜੀ ਵਿਭਾਗ ਵਿੱਚ ਹੀ ਰੱਖਣ ਦੀ ਮੰਗ ਕੀਤੀ। ਇਸ ਮੌਕੇ ਰਵਿੰਦਰ ਸਿੰਘ ਦੇਹਕਲਾਂ, ਬਹਾਦਰ ਸਿੰਘ, ਮਨਪ੍ਰੀਤ ਸਿੰਘ ਖੇੜੀ, ਕੁਲਦੀਪ ਸਿੰਘ ਜਲਾਲਪੁਰ, ਜਰਨੈਲ ਸਿੰਘ ਦਿਆਲਪੁਰਾ ਅਤੇ ਹਰਦੀਪ ਸਿੰਘ ਗੜਾਂਗਾ ਸਮੇਤ ਹੋਰ ਆਗੂ ਹਾਜ਼ਰ ਸਨ।