- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਤੰਤਰਤਾ ਸੰਗਰਾਮੀ ਗੁਰਦੀਪ ਸਿੰਘ ਨੂੰ ਘਰ ਵਿਖੇ ਜਾ ਕੇ ਕੀਤਾ ਗਿਆ ਸਨਮਾਨਿਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਗਸਤ (ਦੇਸ਼ ਕਲਿੱਕ ਬਿਊਰੋ): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸੁਤੰਤਰਤਾ ਸੰਗਰਾਮੀ ਗੁਰਦੀਪ ਸਿੰਘ ਪੁੱਤਰ ਬੱਗਾ ਸਿੰਘ, ਵਾਸੀ ਪਿੰਡ ਝੱਜੋ, ਨੂੰ ਉਨ੍ਹਾਂ ਦੇ ਘਰ ਪਹੁੰਚ ਕੇ, ਦੇਸ਼ ਦੇ 80ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ, ਦੇਸ਼ ਦੀ ਆਜ਼ਾਦੀ ਲਈ ਦਿੱਤੇ ਯੋਗਦਾਨ ਦੀ ਵਧਾਈ ਦਿੱਤੀ ਗਈ।
ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਦੇ ਨਿਰਦੇਸ਼ਾਂ ਤੇ ਮਿਉਂਸੀਪਲ ਕੌਂਸਲ ਬਨੂੜ ਦੇ ਅਧਿਕਾਰੀ ਉਨ੍ਹਾਂ ਨੂੰ 15 ਅਗਸਤ ‘ਤੇ ਹੋ ਰਹੇ ਜਿਲਾ ਪੱਧਰੀ ਸਮਾਗਮ ਲਈ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੱਦਾ ਦੇਣ ਪੁੱਜੇ ਸਨ। ਪਰੰਤੂ ਸ੍ਰੀ ਗੁਰਦੀਪ ਸਿੰਘ ਵੱਲੋਂ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ, ਸਰਕਾਰੀ ਕਾਲਜ, ਫੇਸ 6, ਮੋਹਾਲੀ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸ਼ਾਮਿਲ ਹੋਣ ਤੋਂ ਅਸਮਰਥਤਾ ਪ੍ਰਗਟਾਏ ਜਾਣ ‘ਤੇ ਉਨ੍ਹਾਂ ਨੂੰ ਘਰ ਹੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੁੰਤਤਰਤਾ ਸੰਗਰਾਮੀ ਗੁਰਦੀਪ ਸਿੰਘ ਨੇ ਦੇਸ਼ ਦੇ 80ਵੇਂ ਅਜ਼ਾਦੀ ਦਿਵਸ ਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵਰਗੇ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਲਈ ਆਜ਼ਾਦੀ ਦੀ ਪਹਿਲੀ ਸਵੇਰ ਅੱਜ ਵੀ ਯਾਦਗਾਰੀ ਬਣੀ ਹੋਈ ਹੈ।
ਇਸ ਮੌਕੇ ਸ੍ਰੀ ਗੁਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਵਿੱਚ ਉਨ੍ਹਾਂ ਦੇ ਸਪੁੱਤਰ ਸ੍ਰੀ ਸੁਖਵੀਰ ਸਿੰਘ, ਨੂੰਹ ਸ੍ਰੀਮਤੀ ਪਰਮਜੀਤ ਕੌਰ, ਪੋਤਰੇ ਸ੍ਰੀ ਪਰਵਿੰਦਰ ਸਿੰਘ, ਸ੍ਰੀ ਕਰਮਜੀਤ ਸਿੰਘ ਅਤੇ ਸ੍ਰੀ ਪ੍ਰਭਕੀਰਤ ਸਿੰਘ ਸਮੇਤ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।




